ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 21 ਅਗਸਤ
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਮਹਿਜ਼ ਪੰਜ ਕਿਲੋਮੀਟਰ ਦੀ ਦੂਰੀ ਉੱਤੇ ਨਿਕਲਣ ਵਾਲੀਆਂ 5 ਬਰਸਾਤੀ ਨਦੀਆਂ ਉੱਤੇ ਪੁਲ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਵਿੱਚ ਪਹਾੜਾਂ ਵਿੱਚੋਂ ਆਉਂਦੇ ਅਚਨਚੇਤ ਪਾਣੀ ਕਾਰਨ ਇਹ ਨਦੀਆਂ ਲੋਕਾਂ ਦੀ ਜਾਨ ਦਾ ਖੌਅ ਬਣ ਰਹੀਆਂ ਹਨ ਤੇ ਪਿਛਲੇ ਹਫ਼ਤੇ ਹੀ ਪਾਣੀ ਵਿਚ ਵਹਿਣ ਕਾਰਨ ਪਤੀ-ਪਤਨੀ ਦੀ ਜਾਨ ਚਲੀ ਗਈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਤਿਵਾੜੀ ਨੇ ਕਿਹਾ ਕਿ ਪਿੰਡ ਟਾਂਡਾ-ਕਰੌਰਾਂ ਦੀ ਮਹਿਲਾ ਪੰਚ ਸੁਨੀਤਾ ਅਤੇ ਉਨ੍ਹਾਂ ਦੇ ਪਤੀ ਸੱਜਣ ਸਿੰਘ ਆਪਣੀ ਛੋਟੀ ਬੇਟੀ ਸਮੇਤ ਨਦੀ ਦੇ ਪਾਣੀ ਵਿੱਚ ਰੁੜ੍ਹ ਗਏ ਸਨ। ਉਨ੍ਹਾਂ ਕਿਹਾ ਕਿ ਬੇਟੀ ਨੂੰ ਬਚਾ ਲਿਆ ਗਿਆ ਪਰ ਪਤੀ-ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਦੀਆਂ ਵਿੱਚ ਡੂੰਘੇ ਕਾਜ਼ ਵੇਅ ਬਣੇ ਹੋਏ ਹਨ, ਜਿਨ੍ਹਾਂ ਉੱਤੋਂ ਪਾਣੀ ਵਹਿਣ ਕਾਰਨ ਸਮੁੱਚਾ ਇਲਾਕਾ ਚੰਡੀਗੜ੍ਹ ਨਾਲੋਂ ਕੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੀਆਂ ਇਨ੍ਹਾਂ ਨਦੀਆਂ ਉੱਤੇ 11.22 ਕਰੋੜ ਦੀ ਲਾਗਤ ਨਾਲ ਲੱਗਣ ਵਾਲੇ ਪੁਲਾਂ ਦੀ ਤਜਵੀਜ਼ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਸ ਸਬੰਧੀ ਤੁਰੰਤ ਮਨਜ਼ੂਰੀ ਦੇ ਕੇ ਪੁਲਾਂ ਦੀ ਉਸਾਰੀ ਆਰੰਭ ਕਰਵਾਈ ਜਾਵੇ।