ਪੀ. ਪੀ. ਵਰਮਾ
ਪੰਚਕੂਲਾ, 8 ਜੁਲਾਈ
ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿੱਚ ਹਰਿਆਣਾ ਟੂਰਿਜ਼ਮ ਅਤੇ ਹਰਿਆਣਾ ਬਾਗ਼ਬਾਨੀ ਵਿਭਾਗ ਦੇ ਸਾਂਝੇ ਸਹਿਯੋਗ ਨਾਲ 26ਵਾਂ ਅੰਬਾਂ ਦਾ ਮੇਲਾ ਸ਼ੁਰੂ ਹੋ ਗਿਆ। ਮੇਲੇ ਦਾ ਉਦਘਾਟਨ ਹਰਿਆਣਾ ਦੇ ਟੂਰਿਜ਼ਮ ਅਤੇ ਜੰਗਲਾਤ ਵਿਭਾਗ ਦੇ ਮੰਤਰੀ ਕੰਵਰਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਅੰਬਾਂ ਦੀਆਂ ਉੱਤਮ ਕਿਸਮਾਂ ਨੂੰ ਪ੍ਰਦਰਸ਼ਤ ਕਰਨ ਲਈ ਜ਼ਰੂਰੀ ਹਨ। ਇਸ ਮੌਕੇ 200 ਕਿਸਮਾਂ ਦੀਆਂ ਅੰਬਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਹਰਿਆਣਾ ਟੂਰਿਜ਼ਮ ਦੇ ਮੈਨੇਜਿੰਗ ਡਾਇਰੈਕਟਰ ਨੀਜਰ ਕੁਮਾਰ ਨੇ ਦੱਸਿਆ ਕਿ ਇਸ ਅੰਬ ਮੇਲੇ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਤੋਂ ਅੰਬਾਂ ਦੇ ਕਾਸ਼ਤਕਾਰ ਪਹੁੰਚੇ ਹਨ। ਮੇਲੇ ਦੀ ਸ਼ੁਰੂਆਤ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਦੇ ਕਲਾਕਾਰਾਂ ਨੇ ਭਾਗ ਲਿਆ ਅਤੇ ਲੋਕ ਨਾਚ ਰਾਹੀਂ ਲੋਕਾਂ ਦਾ ਮਨ ਮੋਹਿਆ। ਮੇਲੇ ਵਿੱਚ ਬਣਾਈ ਗਈ ਫੂਡ ਕੋਰਟ ਅਤੇ ਕਰਾਫਟ ਬਾਜ਼ਾਰ ਵਿੱਚ ਲੋਕਾਂ ਦੀ ਭੀੜ ਰਹੀ। ਅੱਜ ਪਹਿਲੇ ਦਿਨ ਪ੍ਰਦਰਸ਼ਨੀ ਵਿੱਚ ਅੰਬਾਂ ਦੀਆਂ ਵੱਖ ਵੱਖ ਕਿਸਮਾਂ ਜਿਵੇਂ ਦਸ਼ਹਿਰੀ, ਚੌਸਾ, ਲੰਗੜਾ, ਅਮਰਪਾਲੀ, ਬੰਬੇ ਗ੍ਰੀਨ (ਮਾਲਦਾ) ਰੋਟਲ, ਮਲਿਕਾ, ਅੰਬਿਕਾ, ਰਾਮ ਕੇਲਾ ਦੇ ਸਟਾਲਾਂ ਉੱਤੇ ਦਰਸ਼ਕਾਂ ਦੀ ਕਾਫ਼ੀ ਭੀੜ ਰਹੀ।