ਜਗਮੋਹਨ ਸਿੰਘ
ਘਨੌਲੀ, 2 ਜੂਨ
ਇਥੋਂ ਨੇੜਲੇ ਪਿੰਡ ਮਕੌੜੀ ਕਲਾਂ ਦਾ ਨੌਜਵਾਨ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਨੌਜਵਾਨ ਦੇ ਦਾਦੇ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਰਾ ਦਮਨਦੀਪ ਸਿੰਘ ਬੀਤੇ ਦਿਨ ਸਵੇਰੇ 11 ਵਜੇ ਆਪਣਾ ਮੋਟਰਸਾਈਕਲ ਪੀਬੀ12ਯੂ-3898 ਲੈ ਕੇ ਘਰੋਂ ਕਿਸੇ ਕੰਮ ਲਈ ਗਿਆ ਸੀ ਪਰ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛ ਪੜਤਾਲ ਕਰਨ ਉਪਰੰਤ ਪੁਲੀਸ ਚੌਕੀ ਘਨੌਲੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦਾ ਮੋਟਰਸਾਈਕਲ ਪਿੰਡ ਲਾਡਲ ਨੇੜਿਉਂ ਭਾਖੜਾ ਨਹਿਰ ਦੀ ਪਟੜੀ ’ਤੇ ਖੜ੍ਹਾ ਮਿਲਿਆ ਹੈ।