ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਪਾਰਕਾਂ ਤੇ ਗ੍ਰੀਨ ਬੈਲਟਾਂ ਵਿੱਚ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ 3300 ਕੂੜੇਦਾਨ ਲਗਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਦੇ ਮੇਅਰ ਸਰਬਜੀਤ ਕੌਰ ਅਤੇ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਕੀਤੀ ਜਿਨ੍ਹਾਂ ਨੇ ਮਨੀਮਾਜਰਾ ਦੇ ਸੈਂਟਰਲ ਪਾਰਕ ਵਿੱਚ ਸਟੇਨਲੈੱਸ ਸਟੀਲ ਦੇ ਕੂੜੇਦਾਨ ਲਗਾਏ ਹਨ।
ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਹਰੇਕ ਕੂੜੇਦਾਨ ਵਿੱਚ ਦੋ ਬਾਲਟੀਆਂ ਹਨ, ਇਨ੍ਹਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਵੱਛਤਾ ਸਰਵੇਖਣ 2023 ਵਿੱਚ ਚੰਡੀਗੜ੍ਹ ਨੂੰ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ, ਜੋ ਨਿਗਮ ਦਾ ਮੁੱਖ ਟੀਚਾ ਹੈ। ਮੇਅਰ ਨੇ ਕਿਹਾ ਕਿ ਡੇਢ ਮਹੀਨੇ ਵਿੱਚ 3300 ਕੂੜੇਦਾਨਾਂ ਨੂੰ ਲਗਾਉਣ ਦੀ ਮੁਹਿੰਮ ਨੂੰ ਮੁਕੰਮਲ ਕੀਤਾ ਜਾਵੇਗਾ।
ਇਸੇ ਦੌਰਾਨ ਮੇਅਰ ਨੇ ਸੈਕਟਰ-36 ਡੀ ਦੇ ਪਾਰਕ ਵਿੱਚ ਟਰਸ਼ਰੀ ਵਾਟਰ ਕਨੈਕਸ਼ਨ ਦੇਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਰਹੇ। ਮੇਅਰ ਨੇ ਕਿਹਾ ਕਿ ਪਾਰਕਾਂ ਵਿੱਚ ਟਰੱਸ਼ਰੀ ਵਾਟਰ ਪਾਈਪ ਲਾਈਨ ਦੇ ਵਿਛਾਏ ਜਾਣ ਨਾਲ ਪਾਰਕਾਂ ਵਿੱਚ ਬੂਟਿਆਂ ਨੂੰ ਆਸਾਨੀ ਨਾਲ ਪਾਣੀ ਦਿੱਤਾ ਜਾ ਸਕੇਗਾ। ਇਸ ਮੌਕੇ ਰੈਜ਼ੀਡੈਂਟ ਵੇਲਫੇਅਰ ਐਸੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਰਹੇ।