ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 29 ਜਨਵਰੀ
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਮੁਹਾਲੀ ਦੇ ਵਿਕਾਸ ਵਿੱਚ ਬਲਬੀਰ ਸਿੱਧੂ ਅਤੇ ਕਾਂਗਰਸ ਦਾ ਵੱਡਾ ਯੋਗਦਾਨ ਹੈ। ਉਹ ਅੱਜ ਇੱਥੋਂ ਦੇ ਸ਼ਹੀਦ ਊਧਮ ਸਿੰਘ ਭਵਨ ਵਿੱਚ ਸ੍ਰੀ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਜ਼ਮੀਨ ਨਾਲ ਜੁੜੇ ਆਗੂ ਹਨ ਤੇ ਪਿਛਲੇ 30 ਵਰ੍ਹਿਆਂ ਤੋਂ ਮੁਹਾਲੀ ਦੇ ਵਸਨੀਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸਮੇਂ ਵੀ ਉਨ੍ਹਾਂ ਸਿਹਤ ਮੰਤਰੀ ਹੁੰਦਿਆਂ ਵੱਡੀ ਜ਼ਿੰਮੇਵਾਰੀ ਨਿਭਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਪੰਜਾਬ ਤੋਂ ਸੇਧ ਲੈਣ ਲਈ ਆਖਣਾ ਪਿਆ ਸੀ। ਸ੍ਰੀ ਤਿਵਾੜੀ ਨੇ ਆਖਿਆ ਕਿ ਬਲਬੀਰ ਸਿੱਧੂ ਦੇ ਵਿਰੋਧੀ ਉਮੀਦਵਾਰਾਂ ਕੋਲ ਪਾਰਟੀਆਂ ਬਦਲਣ ਤੋਂ ਇਲਾਵਾ ਹੋਰ ਕੋਈ ਰਿਪੋਰਟ ਕਾਰਡ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁਹਾਲੀ ਸ਼ਹਿਰ ਅਤੇ ਹਲਕੇ ਵਿੱਚ ਵਿਕਾਸ ਨੂੰ ਤੇਜ਼ ਕਰਨ ਲਈ ਬਲਬੀਰ ਸਿੱਧੂ ਨੂੰ ਜਿਤਾਇਆ ਜਾਵੇ।
ਬਲਬੀਰ ਸਿੱਧੂ ਨੇ ਇਸ ਮੌਕੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਵਿੱਚ ਕਰਾਏ ਵਿਕਾਸ ਦੇ ਨਾਮ ਉੱਤੇ ਚੋਣ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਬੇਬੁਨਿਆਦ ਇਲਜ਼ਾਮ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਦਰਾਂ ਵਰ੍ਹਿਆਂ ਤੋਂ ਲੋਕਾਂ ਦੇ ਪਿਆਰ ਸਦਕਾ ਚੋਣ ਜਿੱਤਦੇ ਆ ਰਹੇ ਹਨ ਅਤੇ ਐਤਕੀਂ ਵੀ ਭਾਰੀ ਲੀਡ ਨਾਲ ਜਿੱਤ ਹਾਸਲ ਕਰਨਗੇ।
ਛੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ
ਖਰੜ (ਸ਼ਸ਼ੀਪਾਲ ਜੈਨ): ਖਰੜ ਵਿਧਾਨ ਸਭਾ ਹਲਕੇ ਲਈ ਅੱਜ 6 ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ਾਤ ਦਾਖਲ ਕੀਤੇ ਹਨ। ਹੁਣ ਤੱਕ ਖਰੜ ਵਿੱਚ ਕੁੱਲ 12 ਉਮੀਦਵਾਰ ਆਪਣੇ ਕਾਗਜ਼ਾਤ ਦਾਖਲ ਕਰਵਾ ਚੁੱਕੇ ਹਨ। ਐੱਸਡੀਐੱਮ-ਕਮ-ਰਿਟਰਨਿੰਗ ਅਫਸਰ ਅਵੀਕੇਸ਼ ਗੁਪਤਾ ਦੇ ਦਫਤਰ ਅਨੁਸਾਰ ਅੱਜ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਵਿਚ ਗਗਨਦੀਪ ਕੌਰ ਅਤੇ ਸਰਬਜੋਤ ਕੌਰ (ਦੋਨੋ ਆਮ ਆਦਮੀ ਪਾਰਟੀ), ਰੁਪਿੰਦਰ ਕੌਰ (ਪੰਜਾਬ ਨੈਸ਼ਨਲ ਪਾਰਟੀ), ਬਲਜੀਤ ਸਿੰਘ ਲਾਡੀ (ਆਜ਼ਾਦ ਉਮੀਦਵਾਰ), ਕੁਲਵੀਰ ਸਿੰਘ ਵਿਸ਼ਟ (ਆਜ਼ਾਦ ਉਮੀਦਵਾਰ) ਤੇ ਲਖਵੀਰ ਸਿੰਘ ਅਕਾਲੀ ਦਲ (ਅੰਮ੍ਰਿਤਸਰ) ਸ਼ਾਮਲ ਹਨ।