ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਅਪਰੈਲ
ਸ਼ਹਿਰ ਵਿੱਚ ਚੌਕਾਂ ਦੇ ਮਾੜੇ ਰੱਖ-ਰਖਾਅ ’ਤੇ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸੈਕਟਰ 31-32/46-47 ਦੇ ਚੌਕ ਦੇ ਰੱਖ-ਰਖਾਅ ਲਈ ਮੈਸਰਜ਼ ਮੀਰਾ ਐਂਡ ਰਾਕੇਸ਼ ਸ਼ਰਮਾ ਨਾਲ ਨਗਰ ਨਿਗਮ ਵੱਲੋਂ ਕੀਤੇ ਸਮਝੌਤੇ ਨੂੰ ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ। ਯੋਜਨਾ ਅਨੁਸਾਰ ਇਹ ਚੌਕ ਏਜੰਸੀ ਨੂੰ 11 ਨਵੰਬਰ 2023 ਤੱਕ 2 ਸਾਲਾਂ ਲਈ ਅਲਾਟ ਕੀਤਾ ਗਿਆ ਸੀ। ਨਿਗਮ ਵੱਲੋਂ ਇਸ ਚੌਕ ਦੇ ਰੱਖ-ਰਖਾਅ ਦੀ ਜਾਂਚ ਕਰਨ ਤੋਂ ਬਾਅਦ ਨਿਗਮ ਨਾਲ ਹੋਏ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕੰਮ ਤਸੱਲੀਬਖਸ਼ ਨਹੀਂ ਸੀ। ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਚੌਕ ਦੀ ਮਾੜੀ ਹਾਲਤ ਸਬੰਧੀ ਬਾਗ਼ਬਾਨੀ ਵਿਭਾਗ ਦੇ ਸੁਪਰਡੈਂਟਿੰਗ ਇੰਜਨੀਅਰ ਕਿਸ਼ਨਪਾਲ ਸਿੰਘ ਨੂੰ ਸ਼ਹਿਰ ਦੇ ਕੁੱਲ 30 ਚੌਕਾਂ ਦੀ ਰੱਖ-ਰਖਾਅ ਸਬੰਧੀ ਰਿਪੋਰਟ ਚੌਕਾਂ ਦੀਆਂ ਤਸਵੀਰਾਂ ਸਮੇਤ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ। ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸਾਰੀਆਂ ਘਟੀਆ ਕਾਰਗੁਜ਼ਾਰੀ ਵਾਲੀਆਂ ਏਜੰਸੀਆਂ ਨਾਲ ਸਮਝੌਤੇ ਤੁਰੰਤ ਰੱਦ ਕੀਤੇ ਜਾਣਗੇ। ਨਗਰ ਨਿਗਮ ਵੱਲੋਂ ਸ਼ਹਿਰ ਦੀ ਖੂਬਸੂਰਤੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਇੱਥੋਂ ਦੇ ਚੌਕਾਂ ਦੀ ਸਾਂਭ-ਸੰਭਾਲ ਲਈ ਬਣਾਈ ਗਈ ਯੋਜਨਾ ਤਹਿਤ ਚੌਕ ਨਿੱਜੀ ਅਦਾਰਿਆਂ ਨੂੰ ਰੱਖ-ਰਖਾਅ ਲਈ ਅਲਾਟ ਕੀਤੇ ਜਾਂਦੇ ਹਨ। ਨਿਗਮ ਵੱਲੋਂ ਤੈਅ ਸ਼ਰਤਾਂ ਅਨੁਸਾਰ ਸਬੰਧਤ ਕੰਪਨੀ ਨੂੰ ਚੌਕ ’ਤੇ ਆਪਣੀ ਕੰਪਨੀ ਜਾਂ ਅਦਾਰੇ ਦੇ ਮਸ਼ਹੂਰੀ ਲਈ ਤੈਅ ਸਾਈਜ਼ ਵਿੱਚ ਇਸ਼ਤਿਹਾਰ ਲਾਉਣ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਦੇਖਣ ’ਚ ਆਇਆ ਹੈ ਕਿ ਚੌਕ ਅਲਾਟ ਹੋਣ ਤੋਂ ਬਾਅਦ ਕੰਪਨੀਆਂ ਜਾਂ ਅਦਾਰਿਆਂ ਨੇ ਆਪਣੇ ਇਸ਼ਤਿਹਾਰ ਤਾਂ ਲਾ ਦਿੱਤੇ ਪਰ ਚੌਕ ਦੀ ਸਮੁੱਚੀ ਸੰਭਾਲ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਇਸ ਨਾਲ ਸ਼ਹਿਰ ਦੇ ਚੌਕ ਖਸਤਾ ਹਾਲ ਹੋ ਰਹੇ ਹਨ ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਕਮਿਸ਼ਨਰ ਨੇ ਬਾਗ਼ਬਾਨੀ ਵਿਭਾਗ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ ਅਤੇ ਡਿਫਾਲਟਰ ਅਦਾਰਿਆਂ ਖ਼ਿਲਾਫ਼ ਚੌਕਾਂ ਦੀ ਅਲਾਟਮੈਂਟ ਰੱਦ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।