ਪੱਤਰ ਪ੍ਰੇਰਕ
ਰੂਪਨਗਰ, 27 ਅਪਰੈਲ
ਸਿੱਖ ਇਤਿਹਾਸ ਨਾਲ ਸਬੰਧਤ ਨਿਹੰਗ ਖਾਨ ਦੇ ਇਤਿਹਾਸਿਕ ਕਿਲ੍ਹੇ ਨੂੰ ਅਲਾਟੀ ਅਖਵਾਉਣ ਵਾਲੀ ਧਿਰ ਨੇ ਨਿਹੰਗ ਸਿੰਘਾਂ ਦੀ ਜਥੇਬੰਦੀ ਬੁੱਢਾ ਦਲ ਦੇ ਹਵਾਲੇ ਕਰ ਦਿੱਤਾ ਹੈ। ਬੁੱਢਾ ਦਲ ਨੇ ਅੱਜ ਕਿਲ੍ਹੇ ਦੀ ਸਾਫ਼-ਸਫ਼ਾਈ ਕਰਕੇ ਕਬਜ਼ੇ ਵਿੱਚ ਲੈਣ ਉਪਰੰਤ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ। ਬੁੱਢਾ ਦਲ ਦੇ ਪ੍ਰਤੀਨਿਧੀ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਨੇ ਦੱਸਿਆ ਕਿ ਕਿਲ੍ਹੇ ਦੀ ਮਾਲਕ ਧਿਰ ਨੇ ਮੁੱਖ ਪ੍ਰਬੰਧਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਨੂੰ ਕਿਲ੍ਹੇ ਦੀ ਸਾਂਭ ਸੰਭਾਲ ਦੀ ਸੇਵਾ ਸੌਂਪੀ ਹੈ।
ਉਧਰ, ਕਿਰਤੀ ਕਿਸਾਨ ਮੋਰਚਾ ਅਤੇ ਸਮਾਜਿਕ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਜਗਮਨਦੀਪ ਸਿੰਘ ਪੜ੍ਹੀ ਨੇ ਕਿਹਾ ਕਿ ਉਹ ਭਲਕੇ ਇਸ ਮੁੱਦੇ ’ਤੇ ਮੀਟਿੰਗ ਕਰਨਗੇ। ਜਦੋਂ ਇਸ ਸਬੰਧੀ ਐੱਸਡੀਐੱਮ ਰੂਪਨਗਰ ਗੁਰਵਿੰਦਰ ਸਿੰਘ ਜੌਹਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਉਕਤ ਹਵੇਲੀ/ਕਿਲ੍ਹੇ ਨੂੰ ਕਿਸੇ ਸਿੱਖ ਜਥੇਬੰਦੀ ਦੇ ਹਵਾਲੇ ਕਰਨ ਦੀ ਮੰਗ ਕਰ ਰਹੀਆਂ ਸਨ ਅਤੇ ਮਾਲਕ ਅਖਵਾਉਣ ਵਾਲੀ ਧਿਰ ਵੱਲੋਂ ਇਸ ਦੀ ਸੇਵਾ ਸਿੱਖ ਜਥੇਬੰਦੀ ਨੂੰ ਸੌਂਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀ ਇਸ ਕਿਲ੍ਹੇ ਨੂੰ ਖ਼ਰੀਦਣ ਦੀ ਗੱਲ ਤੋਰੀ ਸੀ, ਪਰ ਕਿਸੇ ਕਾਰਨ ਕਰਕੇ ਸੌਦਾ ਸਿਰੇ ਨਹੀਂ ਚੜ੍ਹ ਸਕਿਆ।