ਆਤਿਸ਼ ਗੁਪਤਾ
ਚੰਡੀਗੜ੍ਹ, 26 ਜੁਲਾਈ
ਸ਼ਹਿਰ ਵਿੱਚ ਵਿੱਚ ਕਰੋਨਾ ਕੇਸਾਂ ਨੂੰ ਠੱਲ੍ਹ ਪਾਊਣ ਲਈ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਭੀਖ ਮੰਗ ਰਹੇ ਮੰਗਤਿਆਂ ਤੋਂ ਵੀ ਕਰੋਨਾਵਾਇਰਸ ਫੈਲਣ ਦਾ ਖ਼ਦਸ਼ਾ ਹੈ। ਇਸੇ ਦੌਰਾਨ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਲੋਕਾਂ ਨੂੰ ਮੰਗਤਿਆਂ ਨੂੰ ਭੀਖ ਨਾ ਦੇਣ ਅਤੇ ਊਨ੍ਹਾਂ ਤੋਂ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚਲੇ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਭੀਖ ਮੰਗਣ ਵਾਲੇ ਲੋਕ ਰੋਜ਼ਾਨਾ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਕਰਕੇ ਉਨ੍ਹਾਂ ਨੂੰ ਕਰੋਨਾ ਹੋ ਸਕਦਾ ਹੈ। ਊਨ੍ਹਾਂ ਕਿਹਾ ਕਿ ਜੇਕਰ ਕਿਸੇ ਮੰਗਤੇ ਨੂੰ ਭੀਖ ਦੇਣੀ ਹੈ ਤਾਂ ਸਮਾਜਿਕ ਦੂਰੀ ਨਿਯਮ ਦਾ ਖਿਆਲ ਰੱਖਿਆ ਜਾਵੇ।
ਸ੍ਰੀ ਪਰੀਦਾ ਨੇ ਸਪੱਸ਼ਟ ਕੀਤਾ ਕਿ ਭੀਖ ਮੰਗਣਾ ਅਪਰਾਧ ਨਹੀਂ ਹੈੇ। ਇਸ ਲਈ ਕਿਸੇ ਵੀ ਮੰਗਤੇ ਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਮੰਗਤਿਆਂ ਨੂੰ ਸ਼ੈਲਟਰਹੋਮ ਵਿੱਚ ਭੇਜਿਆ ਜਾਂਦਾ ਹੈ ਪਰ ਊਹ ਭੀਖ ਮੰਗਣ ਦੇ ਲਾਲਚ ਵਿੱਚ ਉੱਥੋਂ ਭੱਜ ਜਾਂਦੇ ਹਨ। ਇਥੋਂ ਦੀ ਸੁਖਨਾ ਝੀਲ ਅਤੇ ਵੱਖ-ਵੱਖ ਚੌਕਾਂ ’ਤੇ ਭੀਖ ਮੰਗਣ ਵਾਲੇ ਬੱਚਿਆ ਤੋਂ ਲੈ ਕੇ ਬਜ਼ੁਰਗ ਤੱਕ ਖੜ੍ਹੇ ਵਿਖਾਈ ਦਿੰਦੇ ਹਨ ਅਤੇ ਊਹ ਵਾਹਨਾਂ ਨੂੰ ਹੱਥ ਲਗਾਉਂਦੇ ਹਨ। ਇਸ ਤਰ੍ਹਾਂ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਇਸ ਲਈ ਚੌਕਾ ਮੰਗਤਿਆਂ ਅਤੇ ਅਣਪਛਾਤੇ ਵਿਅਕਤੀਆਂ ਤੋਂ ਦੂਰੀ ਕਾਇਮ ਰੱਖੀ ਜਾਵੇ।