ਪੱਤਰ ਪ੍ਰੇਰਕ
ਪੰਚਕੂਲਾ, 11 ਮਾਰਚ
ਇੱਥੋਂ ਦੇ ਪਿੰਡ ਸਕੇਤੜੀ ਸਥਿਤ ਇਤਿਹਾਸਕ ਸ਼ਿਵ ਮੰਦਰ ਵਿੱਚ 50 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਨਵ ਦੁਰਗਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਮਹਾਸ਼ਿਵਾਰਤੀ ਦੇ ਦਿਨ 150 ਕੁਇੰਟਲ ਦੁੱਧ ਸ਼ਿਵਲਿੰਗ ’ਤੇ ਚੜ੍ਹਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਪੰਚਕੂਲਾ ਨੇ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਵੇਖਦੇ ਹੋਏ ਅੱਧੀ ਦਰਜਨ ਡਿਊਟੀ ਮੈਜੀਸਟ੍ਰੇਟ ਨਿਯੁਕਤ ਕੀਤੇ ਸਨ ਅਤੇ ਇਸ ਇਲਾਕੇ ਵਿੱਚ ਛੇ ਪੁਲੀਸ ਨਾਕੇ ਲਗਾਏ ਸਨ। ਬੀਤੀ ਅੱਧੀ ਰਾਤ ਹਰਿਦੁਆਰ ਤੋਂ ਆਏ ਕਾਂਵੜਾਂ ਨੇ ਸਕੇਤੜੀ ਮੰਦਰ ਦੇ ਸ਼ਿਵਲਿੰਗ ਉੱਤੇ ਜਲ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪੰਚਕੂਲਾ ਦੇ ਡੀਸੀ ਮੇਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਕੋਵਿਡ-19 ਸਬੰਧੀ ਨਿਰਦੇਸ਼ਾਂ ਅਨੁਸਾਰ ਮੰਦਰ ਵਿੱਚ ਪੂਜਾ ਕੀਤੀ ਗਈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਵੱਖ-ਵੱਖ ਮੰਦਰਾਂ ਵਿੱਚ ਮਨਾਇਆ ਗਿਆ। ਭਗਵਾਨ ਸ਼ਿਵ ਨੂੰ ਨਤਮਸਤਕ ਹੋਣ ਲਈ ਅੱਜ ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਮੌਕੇ ਮੰਦਰਾਂ ਵਿਚ ਪਕੌੜੇ ਅਤੇ ਫ਼ਲਾਂ ਦੇ ਲੰਗਰ ਵੀ ਲਗਾਏ ਗਏ।
ਅਮਲੋਹ (ਪੱਤਰ ਪ੍ਰੇਰਕ): ਇੱਥੇ ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਵੱਖ-ਵੱਖ ਮੰਦਰਾਂ ਵਿੱਚ ਸਮਾਗਮ ਕੀਤੇ ਗਏ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ। ਸ੍ਰੀ ਰਾਮ ਬਾਗ਼ ਸ਼ਿਵ ਮੰਦਿਰ ਅਮਲੋਹ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਨੇ ਅਦਾ ਕੀਤੀ। ਪੁਜਾਰੀ ਦੀਪਕ ਸ਼ਰਮਾ ਨੇ ਪੂਜਾ ਕਰਵਾਉਣ ਦੀ ਰਸਮ ਅਦਾ ਕੀਤੀ।
ਮੋਰਿੰਡਾ (ਪੱਤਰ ਪ੍ਰੇਰਕ): ਮਹਾ ਸ਼ਿਵਰਾਤਰੀ ਮੌਕੇ ਮੰਦਰਾਂ ਵਿੱਚ ਮੱਥਾ ਟੇਕਣ ਲਈ ਸ਼ਿਵ ਭਗਤਾਂ ਦੀਆਂ ਸਾਰਾ ਦਿਨ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਦੌਰਾਨ ਇਤਹਾਸਿਕ ਪਿੰਡ ਸੰਘੋਲ ਵਿਖੇ ਮੰਦਰਾਂ ਵਿੱਚ ਸ਼ਿਵ ਭਗਤਾਂ ਦੀਆਂ ਭਾਰੀ ਰੌਣਕਾਂ ਲੱਗੀਆਂ ਰਹੀਆਂ।
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਮਹਾਸ਼ਿਵਰਾਤਰੀ ਮੌਕੇ ਅੱਜ ਬਸੀ ਪਠਾਣਾਂ ਦੇ ਪਟਵਾਰਖਾਨੇ ਕੋਲ ਸਥਿਤ ਸ਼ਿਵ ਮੰਦਰ ਵਿਖੇ ਕਿਸਾਨਾਂ ਨੇ ਦੁੱਧ ਦਾ ਲੰਗਰ ਲਗਾਇਆ। ਸ਼ਹਿਰ ਦੇ ਮੁੱਖ ਸ਼ਿਵਮੰਦਰ ਨੇੜੇ ਡਾਕਖਾਣਾਂ ਵਿਖੇ ਅੱਜ ਸਵੇਰੇ ਤੋਂ ਹੀ ਸ਼ਰਧਾਲੂ ਮੰਦਰ ਵਿੱਚ ਮੱਥਾ ਟੇਕੱਣ ਲਈ ਪਹੁੰਚੇ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਮੰਦਰ ਵਿਖੇ ਨਤਮਸਤ ਹੋ ਕੇ ਇਲਾਕਾ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈ ਦਿੱਤੀ। ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਲੰਗਰ ਵਿਖੇ ਸੇਵਾ ਵੀ ਕੀਤੀ।
ਘਨੌਲੀ (ਪੱਤਰ ਪ੍ਰੇਰਕ): ਇੱਥੇ ਸ਼ਿਵ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਜੀਵ ਘਨੌਲੀ, ਜ਼ਿਲ੍ਹਾ ਰੂਪਨਗਰ ਚੇਅਰਮੈਨ ਸਚਿਨ ਚੌਧਰੀ, ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਿੰਸ ਕੌਸ਼ਿਕ, ਸੁੱਖਾ, ਲੱਕੀ ਸਣੇ ਵੱਡੀ ਗਿਣਤੀ ਵਿੱਚ ਸਿ਼ਵ ਭਗਤ ਸ਼ਾਮਿਲ ਸਨ।
ਬ੍ਰਹਮਕੁਮਾਰੀ ਸੰਸਥਾਵਾਂ ਵਿੱਚ ਮਹਾਸ਼ਿਵਰਾਤਰੀ ਸਮਾਗਮ ਸਮਾਪਤ
ਐੱਸ.ਏ.ਐੱਸ. ਨਗਰ (ਮੁਹਾਲੀ): ਬ੍ਰਹਮਕੁਮਾਰੀਆਂ ਨਾਲ ਸਬੰਧਿਤ ਸੰਸਥਾਵਾਂ ਦੇ ਪਿਛਲੇ 19 ਦਿਨਾਂ ਤੋਂ ਲੜੀਵਾਰ ਚਲ ਰਹੇ ਮਹਾਸ਼ਿਵਰਾਤਰੀ ਸਮਾਗਮ ਅੱਜ ਇੱਥੋਂ ਦੇ ਸੁੱਖ ਸ਼ਾਂਤੀ ਭਵਨ ਫੇਜ਼-7 ਵਿੱਚ ਸਮਾਪਤ ਹੋ ਗਏ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮ ਲਤਾ ਨੇ ਕੀਤੀ। ਬ੍ਰਹਮਾਕੁਮਾਰੀ ਭੈਣ ਰਮਾ ਮੁੱਖ ਬੁਲਾਰਾ ਸਨ। ਇਸ ਸਮਾਗਮ ਵਿੱਚ ਮੁਹਾਲੀ ਨਗਰ ਨਿਗਮ ਦੇ 30 ਕੌਂਸਲਰ ਤੇ ਹੋਰਨਾਂ ਆਗੂਆਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬਲਬੀਰ ਸਿੱਧੂ ਨੇ ਸ਼ਿਵਰਾਤਰੀ ਉਤਸਵ ਦੀ ਵਧਾਈ ਦਿੱਤੀ। -ਪੱਤਰ ਪ੍ਰੇਰਕ