ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੇ ਉਚ ਪੱਧਰੀ ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਗੁਣਾਤਮਿਕ ਸਿੱਖਿਆ ਦੀਆਂ ਕਿਰਿਆਵਾਂ ਬਾਰੇ ਜਾਗਰੂਕ ਹੋਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੌਰਾ ਕੀਤਾ ਗਿਆ। ਮਹਾਰਾਸਟਰ ਸਰਕਾਰ ਦੇ ਸਕੱਤਰ ਸਕੂਲ ਸਿੱਖਿਆ ਅਤੇ ਖੇਡ ਵਿਭਾਗ ਰਣਜੀਤ ਸਿੰਘ ਦਿਓਲ ਦੀ ਅਗਵਾਈ ਵਾਲੇ ਵਫ਼ਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਰੈਣਗੜ੍ਹ ਝੁੱਗੀਆਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-1 ਮੁਹਾਲੀ ਅਤੇ ਮੈਰੀਟੋਰੀਅਸ ਸਕੂਲ ਮੁਹਾਲੀ ਦਾ ਦੌਰਾ ਕੀਤਾ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਤੇ ਡੀ.ਜੀ.ਐੱਸ.ਈ. ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਇਸ ਵਫਦ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਵਾਇਆ ਗਿਆ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਰਜਪ੍ਰਣਾਲੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵਫ਼ਦ ਵਿੱਚ ਕੈਲਾਸ਼ ਪਾਗਾਰੇ ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਮਹਾਰਾਸ਼ਟਰ ਪ੍ਰਾਇਮਰੀ ਸਿੱਖਿਆ ਪ੍ਰੀਸ਼ਦ ਮੁੰਬਈ, ਸੁਸ਼ਾਂਤ ਖਾਂਡੇਕਰ ਓ.ਐੱਸ.ਡੀ ਟੀ ਸਿੱਖਿਆ ਮੰਤਰੀ ਮਹਾਰਾਸ਼ਟਰ, ਸਿੱਧੇਸ਼ ਵਾਡੇਕਰ, ਸਲਾਹਕਾਰ ਸਿੱਖਿਆ ਵਿਭਾਗ ਤੇ ਖੇਡ ਵਿਭਾਗ ਮਹਾਰਾਸ਼ਟਰ, ਰਮਾਂਕਾਂਤ ਕਾਠਮੋਰੇ, ਸੰਯੁਕਤ ਡਾਇਰੈਕਟਰ ਐੱਸਸੀਈਆਰਟੀ ਪੂਣੇ, ਮਹੇਸ਼ ਪਾਲਕਰ ਡਾਇਰੈਕਟਰ ਐਜੂਕੇਸ਼ਨ ਮਹਾਰਾਸ਼ਟਰ ਸ਼ਾਮਲ ਸਨ। ਸਰਕਾਰੀ ਸਕੂਲਾਂ ਦੇ ਦੌਰੇ ਮਗਰੋਂ ਵਫਦ ਵੱਲੋਂ ਪੰਜਾਬ ਦੇ ਪ੍ਰਮੁੱਖ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਨਾਲ ਮੀਟਿੰਗ ਕੀਤੀ ਗਈ।