ਦਰਸ਼ਨ ਸਿੰਘ ਸੋਢੀ
ਐੱਸਏਐੱਸਨਗਰ (ਮੁਹਾਲੀ), 14 ਜਨਵਰੀ
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਡੇਰਾ ਬਾਬਾ ਖੜਕ ਸਿੰਘ ਵਿੱਚ ਮਾਘੀ ਸੰਗਰਾਂਦ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਹੱਡ ਚੀਰਵੀਂ ਦੀ ਠੰਢ ਦੇ ਬਾਵਜੂਦ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਸਮੇਤ ਹੋਰਨਾਂ ਰਾਜਾਂ ਅਤੇ ਦੇਸ਼-ਵਿਦੇਸ਼ ’ਚੋਂ ਸੰਗਤ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਤੇ ਬਲੌਂਗੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦੇਰ ਸ਼ਾਮ ਸੰਗਤ ਦਾ ਆਉਣਾ-ਜਾਣਾ ਲੱਗਿਆ ਰਿਹਾ। ਗੁਰੂ ਅਮਰਦਾਸ ਜੀ ਵੱਲੋਂ ਸਥਾਪਤ 22 ਮੰਜੀਆਂ ’ਚੋਂ ਗੁਰਦੁਆਰਾ ਬਾਬਾ ਖੜਕ ਸਿੰਘ ਦਾਊਂ ਇਕ ਧਾਰਮਿਕ ਅਸਥਾਨ ਹੈ। ਜਿੱਥੇ ਲੋਕ ਸ਼ਰਧਾ ਨਾਲ ਮੱਥਾ ਟੇਕਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮੰਨਤਾਂ ਮੰਗਦੇ ਹਨ। ਝੰਡਾ ਸਾਹਿਬ ਦੇ ਉੱਤਰ ਵੱਲ ਇਸ ਖਾਨਦਾਨ ਨਾਲ ਸਬੰਧਤ ਸਮਾਧਾਂ ਬਣਾਈਆਂ ਗਈਆਂ ਹਨ। ਇੱਥੇ ਦੂਰ-ਦੁਰਾਡੇ ਤੋਂ ਵਪਾਰੀ ਆ ਕੇ ਆਪਣਾ ਕਾਰੋਬਾਰ ਕਰਦੇ ਹਨ। ਛੋਟੇ ਬੱਚਿਆਂ ਨੂੰ ਲੁਭਾਉਣ ਲਈ ਅਤਿ-ਆਧੁਨਿਕ ਝੂੂਲਿਆ ਦਾ ਖਾਸ ਪ੍ਰਬੰਧ ਕੀਤਾ ਗਿਆ। ਲੋਕ ਗਥਾਵਾਂ ਗਾਉਣ ਵਾਲੇ ਕਲਾਕਾਰਾਂ ਨੇ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸੇ ਦੌਰਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਮਾਈ ਭਾਗੋ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਪਾਉਣ ਮਗਰੋਂ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ।
ਮੋਰਿੰਡਾ (ਸੰਜੀਵ ਤੇਜਪਾਲ): ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਮਾਘ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪਰਮਾਤਮਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕੋਤਵਾਲੀ ਸਾਹਿਬ, ਢਾਡੀ ਜਸਮੇਰ ਸਿੰਘ ਢੰਗਰਾਲੀ ਅਤੇ ਢਾਡੀ ਚਰਨਜੀਤ ਸਿੰਘ ਲੁਠੇੜੀ ਨੇ ਕਥਾ-ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ, ਜੱਸਾ ਸਿੰਘ, ਜੈਮਲ ਸਿੰਘ, ਸੰਤ ਸਿੰਘ, ਪਰਮਜੀਤ ਸਿੰਘ ਮੌਜੂਦ ਸਨ।
ਤਰਕਸ਼ੀਲਾਂ ਵੱਲੋਂ ਮਾਘੀ ਮੇਲੇ ’ਤੇ ਪੁਸਤਕ ਪ੍ਰਦਰਸ਼ਨੀ
ਖਰੜ (ਸ਼ਸ਼ੀ ਪਾਲ ਜੈਨ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਮਾਘੀ ਮੇਲਾ ਦਾਊਂ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਚੰਗੇ ਅਤੇ ਉਸਾਰੂ ਗਿਆਨ ਨਾਲ ਲੈਸ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਿਕਰਮਜੀਤ ਸੋਨੀ, ਸੁਜਾਨ ਬਡਾਲਾ ਚੰਡੀਗੜ੍ਹ ਜ਼ੋਨ ਮੁਖੀ ਗੁਰਮੀਤ ਖਰੜ ਅਤੇ ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ ਨੇ ਲੋਕਾਂ ਨਾ ਸੰਵਾਦ ਰਚਾਇਆ।