ਕਰਮਜੀਤ ਸਿੰਘ ਚਿੱਲਾ
ਬਨੂੜ, 22 ਮਈ
ਮਗਨਰੇਗਾ ਕਾਮਿਆਂ ਤੋਂ ਨਿਗੂਣੀ ਦਿਹਾੜੀ ਬਦਲੇ ਨੌਂ ਘੰਟੇ ਕੰਮ ਲਏ ਜਾਣ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਖਾਨਪੁਰ ਖੱਦਰ ਵਿੱਚ ਮਗਨਰੇਗਾ ਕਾਮਿਆਂ ਨੇ ਭਰਵੀਂ ਇਕੱਤਰਤਾ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੰਮ ਦੇ ਘੰਟੇ ਅੱਠ ਕਰਨ, ਦਿਹਾੜੀ 600 ਰੁਪਏ ਦੇਣ ਅਤੇ ਸਾਲ ਵਿੱਚ ਘੱਟੋ-ਘੱਟ 200 ਦਿਨ ਰੁਜ਼ਗਾਰ ਯਕੀਨੀ ਦੇਣ ਦੀ ਮੰਗ ਕੀਤੀ। ਉਨ੍ਹਾਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਵੱਡੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ ਅਤੇ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਮੋਹਨ ਸਿੰਘ ਸੋਢੀ, ਸ਼ਿੰਦਰ ਕੌਰ, ਭਿੰਦਰ ਕੌਰ ਆਦਿ ਨੇ ਆਖਿਆ ਕਿ ਮਗਨਰੇਗਾ ਕਾਮਿਆਂ ਦਾ ਸਮਾਂ ਹੁਣ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਹਿਲਾਂ ਨੌਂ ਤੋਂ ਪੰਜ ਵਜੇ ਤੱਕ ਸੀ। ਉਨ੍ਹਾਂ ਕਿਹਾ ਕਿ ਸਿਰਫ਼ 282 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਮਗਨਰੇਗਾ ਕਾਮਿਆਂ ਦਾ ਸ਼ੋਸ਼ਣ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਮਗਨਰੇਗਾ ਕਾਮਿਆਂ ਲਈ ਐਕਟ ਅਨੁਸਾਰ ਸਹੂਲਤਾਂ ਨਾ ਮਿਲਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਮਗਨੇਰਗਾ ਕਾਮਿਆਂ ਵੱਲੋਂ ਪੰਜਾਬ ਅਤੇ ਦੇਸ਼ ਵਿੱਚ ਪੇਂਡੂ ਖੇਤਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਮੌਕੇ ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਦੀਦਾਰ ਸਿੰਘ, ਸੁਖਵੀਰ ਸਿੰਘ, ਸਵਿੱਤਰੀ, ਸਲੋਚਨਾ ਕੌਰ, ਕ੍ਰਿਸ਼ਨਾ ਦੇਵੀ, ਗੁਰਦੀਪ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ ਕੁਰਾਲੀ ਆਦਿ ਵੀ ਹਾਜ਼ਰ ਸਨ।