ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਸਤੰਬਰ
ਸਾਉਣੀ 2022 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੀ ਸਚਾਰੂ ਪ੍ਰਬੰਧਨ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਵਿਸ਼ੇਸ਼ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ। ਇਸ ਨੂੰ ਮੁਹਾਲੀ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਹਿੱਤ ਪਿੰਡ ਪੱਧਰੀ ਕੈਂਪ, ਲਿਟਰੇਚਰ, ਵਾਲਪੇਂਟਿੰਗ, ਪ੍ਰਦਰਸ਼ਨੀ ਪਲਾਟ, ਸਕੂਲੀ ਵਿਦਿਆਰਥੀਆਂ ਦੀਆਂ ਰੈਲੀਆਂ, ਲੇਖ, ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਇਹ ਵੈਨ 40 ਦਿਨ ਲਗਾਤਾਰ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਦੇ ਪ੍ਰਚਾਰ ਲਈ ਜਾਗਰੂਕਤਾ ਦਾ ਹੋਕਾ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਦੀ ਜੀਪੀਐਸ ਲੁਕੇਸ਼ਨ ਰਾਹੀਂ ਨਿਗਰਾਨੀ ਕਰਨ ਹਿੱਤ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਆਨਲਾਈਨ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਏਡੀਸੀ (ਵਿਕਾਸ) ਅਵਨੀਤ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।