ਫੈਕਟਰੀ ਵਿਚੋਂ ਪੰਜ ਲੱਖ ਰੁਪਏ ਤੇ ਮਸ਼ੀਨਰੀ ਚੋਰੀ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 9 ਅਗਸਤ

ਇਥੇ ਸਨਅਤੀ ਖੇਤਰ ਦੇ ਫੇਜ਼ ਦੋ ਸਥਿਤ ਇੱਕ ਫੈਕਟਰੀ ਵਿੱਚੋਂ ਪੰਜ ਲੱਖ ਰੁਪਏ ਦੀ ਨਕਦੀ, ਇੱਕ ਡਰਿੱਲ ਮਸ਼ੀਨ ਤੇ ਇੱਕ ਵੈਲਡਿੰਗ ਮਸ਼ੀਨ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਫੈਕਟਰੀ ਮਾਲਕ ਵਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਵਾਸੀ ਫੈਕਟਰੀ ਮਾਲਿਕ ਸ਼ਿਵ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਇਥੇ ਸਨਅਤੀ ਖੇਤਰ ਦੇ ਫੇਜ਼ ਦੋ ਸਥਿਤ ਪਲਾਟ ਨੰਬਰ 1043 ਏ ਵਿੱਚ ਫੈਕਟਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜ ਲੱਖ ਰੁਪਏ ਕੈਸ਼ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਰੱਖੇ ਸਨ ਤੇ ਲੰਘੀ ਸੱਤ ਅਗਸਤ ਦੀ ਰਾਤ ਨੂੰ ਉਹ ਫੈਕਟਰੀ ਬੰਦ ਕਰਕੇ ਆਪਣੇ ਘਰ ਚਲੇ ਗਏ। ਜਦੋਂ ਅਗਲੀ ਸਵੇਰ ਸਵਾ ਦਸ ਵਜੇ ਉਹ ਫੈਕਟਰੀ ਆਏ ਤਾਂ ਦੇਖਿਆ ਕਿ ਫੈਕਟਰੀ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਫੈਕਟਰੀ ਦੇ ਅੰਦਰ ਸਾਰਾ ਸਮਾਨ ਵੀ ਇਧਰ ਉੱਧਰ ਖਿੱਲਰਿਆ ਪਿਆ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੈਕਟਰ 31 ਥਾਣਾ ਪੁਲੀਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲੀਸ ਨੇ ਫੈਕਟਰੀ ਮਾਲਿਕ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਟੀਮ ਚੋਰੀ ਦੀ ਵਾਰਦਾਤ ਨੂੰ ਲੈ ਕੇ ਵਾਰਦਾਤ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਘੋਖ ਪੜਤਾਲ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All