ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 13 ਅਗਸਤ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੰਪੀ ਸਕਿਨ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਮੁਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਪਸ਼ੂ ਪਾਲਣ ਵਿਭਾਗ ਦੀ ਐਡਵਾਈਜ਼ਰੀ ਅਨੁਸਾਰ ਜ਼ਿਲ੍ਹੇ ਵਿੱਚ ਲੱਗਣ ਵਾਲੇ ਪਸ਼ੂ ਮੇਲਿਆਂ ’ਤੇ 30 ਦਿਨਾਂ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂ ਪਾਲਕਾਂ ਦੀ ਸੁਵਿਧਾ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਜਿਨ੍ਹਾਂ ’ਤੇ ਸੰਪਰਕ ਕਰਕੇ ਪਸ਼ੂ ਪਾਲਕ ਆਪਣੀ ਪਸ਼ੂਆਂ ਵਿੱਚ ਬਿਮਾਰੀ ਦੇ ਰੋਕਥਾਮ ਅਤੇ ਇਲਾਜ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੰਗੀਤਾ ਤੁਰ ਨੇ ਦੱਸਿਆ ਕਿ ਲੰਪੀ ਸਕਿਨ ਦੀ ਰੋਕਥਾਮ ਲਈ, ਜ਼ਿਲ੍ਹੇ ਅੰਦਰ 18 ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਭਾਗ ਵੱਲੋਂ ਪਸ਼ੂਆਂ ਨੂੰ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਲੰਮੀ ਸਕਿਨ ਬਿਮਾਰੀ ਤੋਂ ਗ੍ਰਸਤ ਲਾਵਾਰਸ ਪਸ਼ੂਆਂ ਲਈ ਮੁਹਾਲੀ ਨਗਰ ਨਿਗਮ ਵੱਲੋਂ ਫੇਜ਼-1 ਵਿੱਚ ਸ਼ੈਲਟਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਵਿੱਚ ਲੰਮੀ ਸਕਿਨ ਬਿਮਾਰੀ ਲੱਛਣ ਨਜ਼ਰ ਆਉਂਦੇ ਹਨ ਤਾਂ ਤਹਿਸੀਲ ਖਰੜ ਦੇ ਪਸ਼ੂ ਪਾਲਕ ਸਹਾਇਤਾ ਲਈ ਨਿਤਿਨ ਗੌਤਮ (ਮੋਬਾਈਲ ਨੰਬਰ 98720-20045) ਤਹਿਸੀਲ ਮੁਹਾਲੀ ਦੇ ਪਸ਼ੂ ਪਾਲਕ ਡਾ ਅਬਦੁਲ ਮਾਜਿਦ (98152-54200) ਅਤੇ ਤਹਿਸੀਲ ਡੇਰਾਬੱਸੀ ਦੇ ਪਸ਼ੂ ਪਾਲਕ ਡਾ. ਅਭਿਸ਼ੇਕ ਅਰੋੜਾ (ਮੋਬਾਈਲ ਨੰਬਰ 8437932244) ਅਤੇ ਜ਼ਿਲ੍ਹਾ ਪੱਧਰ ’ਤੇ ਡਾ. ਹਰਪ੍ਰੀਤ ਸਿੰਘ (9815662299) ਨਾਲ ਸੰਪਰਕ ਕਰ ਸਕਦੇ ਹਨ।