ਆਤਿਸ਼ ਗੁਪਤਾ/ਮੁਕੇਸ਼ ਕੁਮਾਰ
ਚੰਡੀਗੜ੍ਹ, 27 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਚੜ੍ਹਤ ਰਹੀ। ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ’ਤੇ ਕਾਬਜ਼ ਰਹਿਣ ਵਾਲੀ ਭਾਜਪਾ ਅਤੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ‘ਆਪ’ ਨੇ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
ਅੱਜ ਆਏ ਨਤੀਜਿਆਂ ’ਚ ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਵਿੱਚੋਂ ‘ਆਪ’ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ 1 ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਹਿਤ ਭਾਜਪਾ ਦੇ ਮੌਜੂਦਾ ਮੇਅਰ, ਦੋ ਸਾਬਕਾ ਮੇਅਰ, ਕਾਂਗਰਸ ਦੇ ਕਈ ਵੱਡੇ ਚਿਹਰਿਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਮੇਅਰ ਬਣਾਉਣ ਨੂੰ ਲੈ ਕੇ ‘ਆਪ’ ਅਤੇ ਭਾਜਪਾ ਨੇ ਜਦੋ-ਜਹਿਦ ਸ਼ੁਰੂ ਕਰ ਦਿੱਤੀ ਹੈ।
ਨਿਗਮ ਚੋਣਾਂ ’ਚ ਵਾਰਡ ਨੰਬਰ-17 ਤੋਂ ਭਾਜਪਾ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਆਪਣੀ ਸੀਟ ਹਾਰ ਗਏ ਹਨ। ਉਨ੍ਹਾਂ ਨੂੰ ‘ਆਪ’ ਦੇ ਦਮਨਪ੍ਰੀਤ ਸਿੰਘ ਨੇ 1516 ਵੋਟਾਂ ਦੇ ਅੰਤਰ ਤੋਂ ਹਰਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮੇਅਰ ਰਵੀਕਾਂਤ ਸ਼ਰਮਾ ਨੂੰ 2889 ਵੋਟਾਂ ਪਈਆਂ ਜਦੋਂ ਕਿ ਦਮਨਪ੍ਰੀਤ ਨੂੰ 3717 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਵਾਰਡ ਨੰਬਰ-21 ਤੋਂ ਭਾਜਪਾ ਦੇ ਸਾਬਕਾ ਮੇਅਰ ਦੇਵੇਸ਼ ਮੌਦਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ‘ਆਪ’ ਦੇ ਜਸਬੀਰ ਸਿੰਘ ਨੇ 939 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦਾ ਵਾਰਡ ਨੰਬਰ-25 ਤੋਂ ਵੀ ਭਾਜਪਾ ਹਾਰ ਗਈ ਹੈ। ਜਿੱਥੋਂ ‘ਆਪ’ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੈ ਕੌਸ਼ਲ ਰਾਣਾ ਨੂੰ 315 ਵੋਟਾਂ ਤੋਂ ਹਰਾਇਆ ਹੈ। ਇਸ ਵਾਰਡ ਵਿੱਚੋਂ ‘ਆਪ’ ਦੇ ਯੋਗੇਸ਼ ਢੀਂਗਰਾ ਨੂੰ 3977 ਅਤੇ ਭਾਜਪਾ ਦੇ ਵਿਜੈ ਕੌਸ਼ਲ ਰਾਣਾ ਨੂੰ 3662 ਵੋਟਾਂ ਪਈਆਂ ਹਨ।
ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਦੇ ਪੁੱਤਰ ਸੁਮਿਤ ਚਾਵਲਾ ਨੂੰ ਵਾਰਡ ਨੰਬਰ-14 ਵਿੱਚੋਂ ਹਾਰ ਦਾ ਮੂੰਹ ਦੇਖਣਾ ਪਿਆ ਜਿੱਥੇ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ 255 ਵੋਟਾਂ ਤੋਂ ਜਿੱਤ ਹਾਸਲ ਕੀਤੀ। ਚੰਡੀਗੜ੍ਹ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੀਪਾ ਦੂਬੇ ਵੀ ਵਾਰਡ ਨੰਬਰ-12 ਤੋਂ ਹਾਰ ਗਈ ਹੈ ਜਿੱਥੋਂ ਭਾਜਪਾ ਦੇ ਸੋਰਭ ਜੋਸ਼ੀ ਨੇ 1017 ਵੋਟਾਂ ਤੋਂ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ-2 ਤੋਂ ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਹਰਮੋਹਿੰਦਰ ਸਿੰਘ ਲੱਕੀ ਵੀ 11 ਵੋਟਾਂ ਦੇ ਫਰਕ ਨਾਲ ਹਾਰ ਗਏ ਹਨ। ਉੱਥੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ ਜੇਤੂ ਰਹੇ। ਚੰਡੀਗੜ੍ਹ ਵਿੱਚ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਨੂੰ ਵਾਰਡ ਨੰਬਰ-13 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੋਂ ਕਾਂਗਰਸ ਪਾਰਟੀ ਦੇ ਸਚਿਨ ਗਾਲਵ ਨੇ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਦੇ ਫਰਕ ਤੋਂ ਹਰਾ ਦਿੱਤਾ ਹੈ।