ਸਰਬਜੀਤ ਸਿੰਘ ਭੱਟੀ
ਲਾਲੜੂ, 10 ਸਤੰਬਰ
ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਕੀਤੇ ਨਾਜ਼ਾਇਜ਼ ਕਬਜਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਸੜਕਾਂ ’ਤੇ ਪਏ ਸਾਮਾਨ ਨੂੰ ਲੈ ਕੇ ਆਏ ਦਿਨ ਨੋਕ-ਝੋਕ ਹੁੰਦੀ ਰਹਿੰਦੀ ਹੈ। ਬਾਜ਼ਾਰ ਵਿਚੋਂ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ।
ਭਾਰਤੀ ਕਿਸਾਨ ਯੁੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਅਤੇ ਸੁਭਾਸ਼ ਰਾਣਾ, ਜਸਵੰਤ ਸਿੰਘ ਆਲਮਗੀਰ, ਹਰਵਿੰਦਰ ਸਿੰਘ ਟੋਨੀ, ਗੁਰਦੇਵ ਸਿੰਘ ਜਲਾਲਪੁਰ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੁਰਾਣੀ ਦਾਣਾ ਮੰਡੀ ਬਦਲ ਕੇ ਨਵੀਂ ਦਾਣਾ ਮੰਡੀ ਵਾਲੀ ਥਾਂ ’ਤੇ ਚਲੀ ਗਈ ਹੈ, ਪਰ ਸੜਕਾਂ ਉਤੇ ਦੁਕਾਨਦਾਰਾਂ, ਰੇਹੜੀਆਂ, ਫੜ੍ਹੀਆਂ ਵਾਲਿਆਂ ਨੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜੋ ਲੋਕਾਂ ਦੀ ਖੁਆਰੀ ਦਾ ਵੱਡਾ ਕਾਰਨ ਹਨ। ਦੁਕਾਨਦਾਰਾਂ ਨੇ ਪਹਿਲਾਂ ਆਪਣੀ ਦੁਕਾਨਾਂ ਦੇ ਬਾਹਰ ਬਣੇ ਬਰਾਂਡੇ ਛੱਤੇ, ਫਿਰ ਪੈਦਲ ਚੱਲਣ ਵਾਲਾ ਰਸਤਾ ਵੀ ਛੱਤ ਲਿਆ ਤੇ ਹੁਣ ਆਪਣਾ ਸਾਮਾਨ ਮੁੱਖ ਬਾਜ਼ਾਰ ਦੀਆਂ ਸੜਕਾਂ ’ਤੇ ਰੱਖ ਲਿਆ ਹੈ। ਬਜ਼ਾਰ ਦੀ ਸੜਕ ਦੀ ਚੌੜਾਈ 40 ਤੋਂ 45 ਫੁੱਟ ਸੀ, ਜੋ ਘੱਟ ਕੇ ਹੁਣ ਮਸਾਂ 20-25 ਫੁੱਟ ਰਹਿ ਗਈ ਹੈ।
ਨਾਜਾਇਜ਼ ਕਬਜ਼ੇ ਛੇਤੀ ਹਟਾਏ ਜਾਣਗੇ: ਕਾਰਜਸਾਧਕ ਅਫਸਰ
ਕਾਰਜਸਾਧਕ ਅਫਸਰ ਰਾਜੇਸ ਸ਼ਰਮਾ ਨੇ ਕਿਹਾ ਕਿ ਬਾਜ਼ਾਰ ਦੀਆਂ ਸੜਕਾ ਅਤੇ ਸਰਕਾਰੀ ਥਾਂ ’ਤੇ ਕਿਸੇ ਨੂੰ ਵੀ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਛੇਤੀ ਹੀ ਮੁਹਿੰਮ ਚਲਾ ਕੇ ਮੁੱਖ ਬਾਜ਼ਾਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ।