ਸਰਬਜੀਤ ਸਿੰਘ ਭੱਟੀ
ਲਾਲੜੂ, 15 ਅਕਤੂਬਰ
ਲਾਲੜੂ ਮੰਡੀ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ ਤੇ ਜਰਨਲ ਸਕੱਤਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਬਦਲ ਕੇ ਨਵੀ ਥਾਂ ਚਲੀ ਗਈ ਹੈ। ਇਸ ਪਿੱਛੋਂ ਪੁਰਾਣੇ ਫੜ੍ਹਾਂ ਉੱਤੇ ਦੁਕਾਨਦਾਰਾਂ, ਰੇਹੜੀਆ ਤੇ ਫੜ੍ਹੀਆਂ ਵਾਲਿਆਂ ਨੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਇਸ ਤੋਂ ਇਲਾਵਾ ਮੁੱਖ ਬਾਜ਼ਾਰ ਦੀਆਂ ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ, ਜਿਸ ਕਾਰਨ ਸੜਕਾਂ ਦੀ ਚੌੜਾਈ ਘਟ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੇ ਪਹਿਲਾਂ ਆਪਣੀ ਦੁਕਾਨ ਦੇ ਬਾਹਰ ਵਰਾਂਡੇ ਛੱਤੇ, ਫਿਰ ਫੁੱਟਪਾਥ ਵੀ ਛੱਤ ਲਿਆ ਤੇ ਹੁਣ ਦੁਕਾਨ ਦਾ ਸਾਮਾਨ ਬਾਜ਼ਾਰ ਦੀਆਂ ਸੜਕਾਂ ’ਤੇ ਆ ਗਿਆ। ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਰਕਾਰੀ ਥਾਂ ਅਤੇ ਸੜਕਾਂ ਉੱਪਰ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ, ਸਾਰੇ ਨਜਾਇਜ਼ ਕਬਜ਼ੇ ਹਟਾਏ ਜਾਣਗੇ।