ਕਰਮਜੀਤ ਸਿੰਘ ਚਿੱਲਾ
ਬਨੂੜ, 17 ਫਰਵਰੀ
ਇਥੇ ਕੌਂਸਲ ਦੀਆਂ ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰਾਂ ਨੇ ਕਾਂਗਰਸ ਉੱਤੇ ਕਥਿਤ ਹੇਰਾਫ਼ੇਰੀ ਨਾਲ ਜਿੱਤਣ ਦਾ ਇਲਜ਼ਾਮ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ-3 ਤੋਂ ਹਾਰੀ ਹੋਈ ਆਜ਼ਾਦ ਉਮੀਦਵਾਰ ਅੰਜੂ ਰਾਣੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਤੀਜੇ ਦਾ ਐਲਾਨ ਹੁੰਦਿਆਂ ਹੀ ਗਿਣਤੀ ਕੇਂਦਰ ਦੇ ਬਾਹਰ ਵੀ ਹੰਗਾਮਾ ਕੀਤਾ ਤੇ ਕਾਂਗਰਸ ਪਾਰਟੀ ਉੱਤੇ ਹੇਰਾਫੇਰੀ ਦੇ ਦੋਸ਼ ਲਾਏ। ਪੁਲੀਸ ਨੇ ਕਾਫ਼ੀ ਮੁਸ਼ੱਕਤ ਨਾਲ ਅੰਜੂ ਰਾਣੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ।
ਇਸੇ ਤਰ੍ਹਾਂ ਅਕਾਲੀ ਦਲ ਦੀ ਪ੍ਰਭਜੋਤ ਕੌਰ, ਗੁਰਜੀਤ ਕੌਰ, ਗਿਆਨ ਚੰਦ, ਰਿਪੁਦਮਨ ਸਿੰਘ ਮਿੱਠੀ ਸੰਧੂ, ਆਮ ਆਦਮੀ ਪਾਰਟੀ ਦੀ ਰਣਜੀਤ ਕੌਰ, ਆਜ਼ਾਦ ਉਮੀਦਵਾਰ ਐਡਵੋਕੇਟ ਕਿਰਨਜੀਤ ਪਾਸੀ, ਅੰਜੂ ਰਾਣੀ, ਨਿੰਮੋ ਦੇਵੀ, ਪੁਨੀਤ ਬਾਂਸਲ ਆਦਿ ਨੇ ਵੋਟਿੰਗ ਮਸ਼ੀਨਾਂ ਵਿੱਚ ਧਾਂਦਲੀ ਦੇ ਦੋਸ਼ ਲਾਏ ਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੁਬਾਰਾ ਚੋਣਾਂ ਕਰਾਉਣ ਦੀ ਵੀ ਮੰਗ ਕੀਤੀ।
ਅਕਾਲੀ ਆਗੂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਹਰਬੰਸ ਲਾਲ, ਜਸਵੀਰ ਸਿੰਘ ਜੱਸਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਇਹ ਲੋਕਤੰਤਰ ਦੀ ਜਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸ਼ਹਿਰ ਵਾਸੀ ਹੁਕਮਰਾਨ ਧਿਰ ਵੱਲੋਂ ਕੀਤੀਆਂ ਕਥਿਤ ਧਾਂਦਲੀਆਂ ਦਾ ਜਵਾਬ ਦੇਣਗੇ।
ਰੂਪਨਗਰ ( ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਰੂਪਨਗਰ ਦੇ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਅਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸੈਣੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਵਿੱਚ ਕੋਈ ਪ੍ਰਾਪਤੀ ਨਹੀਂ ਕਰ ਸਕੀ ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਸਭ ਤੋਂ ਦੇਰ ਨਾਲ ਨਿੱਤਰਨ ਦੇ ਬਾਵਜੂਦ ਅਤੇ ਪਾਰਟੀ ਵੱਲੋਂ ਪਹਿਲੀ ਵਾਰ ਨਗਰ ਕੌਂਸਲ ਚੋਣਾਂ ਵਿੱਚ ਹਿੱਸਾ ਲੈਣ ਦੇ ਬਾਵਜੂਦ ਪਾਰਟੀ ਉਮੀਦਵਾਰਾਂ ਨੇ ਸ਼ਹਿਰ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਲੜਾਈ ਲੜੀ ਹੈ ਅਤੇ ਪਹਿਲਾਂ ਨਾਲੋਂ ਵੋਟ ਫੀਸਦੀ ਵਧਾਈ ਹੈ।
ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼
ਲਾਲੜੂ (ਸਰਬਜੀਤ ਸਿੰਘ ਭੱਟੀ): ਇਥੇ ਨਗਰ ਕੌਂਸਲ ਚੋਣਾਂ ’ਚ ਬਤੌਰ ਆਜ਼ਾਦ ਚੋਣ ਲੜੇ ਉਮੀਦਵਾਰਾਂ ਨੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਹੈ ਕਿ ਸਰਕਾਰ ਦੇ ਦਬਾਅ ਹੇਠ ਆ ਕੇ ਏ.ਵੀ.ਐਮਜ਼ ਨਾਲ ਛੇੜਛਾੜ ਕਰਕੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ। ਆਜ਼ਾਦ ਉਮੀਦਵਾਰ ਸੰਜੂ ਕੁਮਾਰ, ਹਰਪਾਲ ਸਿੰਘ ਮਗਰਾ, ਸੰਦੀਪ ਕੁਮਾਰ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਏ.ਵੀ.ਐਮਜ਼ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਕੇ ਉਨ੍ਹਾਂ ਨੂੰ ਹਰਾਇਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਈ ਵਾਰਡਾਂ ਅੰਦਰ ਕਾਂਗਰਸੀ ਉਮੀਦਵਾਰਾਂ ਦੀ ਹਾਲਤ ਪਤਲੀ ਸੀ, ਜਿਸ ਦੀ ਜਾਣਕਾਰੀ ਸਰਕਾਰ ਕੋਲ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਉਹ ਅਦਾਲਤ ਵਿੱਚ ਜਾਣਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣਗੇ।