ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੁਲਾਈ
ਸੀਬੀਐੱਸਈ ਵੱਲੋਂ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਜਾਰੀ ਨਾ ਕੀਤੇ ਜਾਣ ਕਾਰਨ ਕਾਲਜਾਂ ਵਿੱਚ ਦਾਖਲਿਆਂ ਦੀ ਪ੍ਰਕਿਰਿਆ ਲੰਬੀ ਹੋ ਗਈ ਹੈ।
ਯੂਟੀ ਦੇ ਉਚੇਰੀ ਸਿੱਖਿਆ ਵਿਭਾਗ ਨੇ ਪਹਿਲਾਂ 11 ਜੁਲਾਈ ਤੋਂ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਵਿਦਿਆਰਥੀਆਂ ਨੂੰ ਹਾਲੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਸੀਬੀਐੱਸਈ ਦੇ ਮੁਹਾਲੀ ਸਥਿਤ ਦਫ਼ਤਰ ਦੇ ਅਧਿਕਾਰੀਆਂ ਅਨੁਸਾਰ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਜੁਲਾਈ ਦੇ ਆਖਰੀ ਹਫਤੇ ਵਿੱਚ ਜਾਰੀ ਹੋਣਗੇ। ਦੂਜੇ ਪਾਸੇ ਇੱਥੋਂ ਦੇ ਸੈਕਟਰ-26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਸੈਕਟਰ-32 ਸਥਿਤ ਜੀਜੀਡੀਐੱਸਡੀ ਕਾਲਜ ਵੱਲੋਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਨਵੇਂ ਕੋਰਸ ਕਰਵਾਏ ਜਾਣਗੇ। ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ ਇਸ ਵਾਰ ਪਰਸ਼ੀਅਨ, ਉਰਦੂ ਤੇ ਸੰਸਕ੍ਰਿਤ ਦੇ ਐਡਆਨ ਕੋਰਸ ਕਰਵਾਏ ਜਾਣਗੇ ਜਦਕਿ ਐੱਸਡੀ ਕਾਲਜ ਵੱਲੋਂ ਵੀ ਕਈ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ’ਤੇ ਨਵੀਂ ਸਿੱਖਿਆ ਨੀਤੀ ਤਹਿਤ ਐੱਮਐੱਸਸੀ ਡੇਟਾ ਸਾਇੰਸ, ਐੱਮਐੱਸਸੀ ਬਾਇਓਕੈਮਿਸਟਰੀ ਅਤੇ ਐੱਮਏ ਸਮਾਜਿਕ ਸ਼ਾਸਤਰ ਸ਼ੁਰੂ ਕੀਤੀ ਜਾ ਰਹੀ ਹੈ। ਦਾਖਲੇ ਮੈਰਿਟ ਦੇ ਆਧਾਰ ’ਤੇ ਹੋਣਗੇ। ਐੱਮਐੱਸਸੀ ਡੇਟਾ ਸਾਇੰਸ ਲਈ 40 ਸੀਟਾਂ, ਬਾਇਓਕੈਮਿਸਟਰੀ ਲਈ ਵੀ 40 ਅਤੇ ਸਮਾਜਿਕ ਸ਼ਾਸਤਰ ਲਈ 60 ਸੀਟਾਂ ਹੋਣਗੀਆਂ। ਉੱਧਰ, ਗੁਰੂ ਗੋਬਿੰਦ ਸਿੰੰਘ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਨਵੇਂ ਕੋਰਸਾਂ ਨੂੰ ਵਿਦਿਆਰਥੀ ਗ੍ਰੈਜੂਏਸ਼ਨ ਦੇ ਕਿਸੇ ਵੀ ਸਾਲ ਵਿੱਚ ਸ਼ੁਰੂ ਕਰ ਸਕਦੇ ਹਨ। ਇਹ ਇਕ ਸਾਲ ਦੇ ਸਰਟੀਫਿਕੇਟ ਕੋਰਸ ਹਨ।
ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਲਜਾਂ ਦਾ ਸਾਂਝਾ ਦਾਖਲਾ ਪ੍ਰਾਸਪੈਕਟਸ ਅਗਲੇ ਹਫਤੇ ਜਾਰੀ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਸਪੈਕਟਸ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵੱਲੋਂ ਤਿਆਰ ਕਰਵਾਇਆ ਗਿਆ ਹੈ। ਇਸ ਦਾਖਲਾ ਪ੍ਰਕਿਰਿਆ ਨੂੰ ਸ਼ਹਿਰ ਦੇ ਛੇ ਸਰਕਾਰੀ ਤੇ ਛੇ ਪ੍ਰਾਈਵੇਟ ਕਾਲਜ ਲਾਗੂ ਕਰਨਗੇ। ਇਸ ਵਾਰ ਹਰ ਕਾਲਜ ਦਾ ਆਪਣਾ ਹੈਲਪ ਡੈਸਕ ਵੀ ਕੰਮ ਕਰੇਗਾ ਤਾਂ ਜੋ ਵਿਦਿਆਰਥੀਆਂ ਨੂੰ ਦਾਖਲਿਆਂ ਸਬੰਧੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।