ਪੱਤਰ ਪ੍ਰੇਰਕ
ਬਨੂੜ, 12 ਦਸੰਬਰ
ਸੰਘਰਸ਼ ਜਿੱਤ ਕੇ ਪੰਜਾਬ ਪਰਤਣ ਵਾਲੇ ਕਿਸਾਨਾਂ ਦੇ ਸਮਾਨ ਨਾਲ ਭਰੇ ਟਰੈਕਟਰਾਂ-ਟਰਾਲੀਆਂ ਦੀਆਂ ਅੱਜ ਵੀ ਸੰਭੂ ਤੋਂ ਬਨੂੜ ਨੂੰ ਹੋ ਕੇ ਲਾਂਡਰਾਂ ਵੱਲ ਜਾ ਰਹੇ ਕੌਮੀ ਮਾਰਗ ’ਤੇ ਲਾਈਨਾਂ ਲੱਗੀਆਂ ਰਹੀਆਂ। ਕਿਸਾਨਾਂ ਦੇ ਸਵਾਗਤ ਲਈ ਥਾਂ-ਥਾਂ ਦਿਨ-ਰਾਤ ਲੰਗਰ ਚੱਲ ਰਹੇ ਹਨ। ਬਨੂੜ ਤੋਂ ਇਲਾਵਾ ਮੋਟੇਮਾਜਰਾ, ਤੰਗੋਰੀ, ਮਾਣਕਪੁਰ ਕੱਲਰ, ਚਾਉਮਾਜਰਾ, ਦੈੜੀ, ਬਠਲਾਣਾ, ਭਾਗੋਮਾਜਰਾ, ਬੈਂਰੋਪੁਰ, ਲਾਂਡਰਾਂ, ਸੰਤੇਮਾਜਰਾ ਆਦਿ ਥਾਵਾਂ ’ਤੇ ਵੀ ਨੌਜਵਾਨ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਪਿੰਡ ਕਰਾਲਾ, ਚਾਉਮਾਜਰਾ, ਮਨੌਲੀ ਸੂਰਤ, ਕੁਰੜੀ, ਦੇਵੀਨਗਰ (ਅਬਰਾਵਾਂ) ਸਮੁੱਚੇ ਪਿੰਡਾਂ ਵਿੱਚ ਕਿਸਾਨਾਂ ਦੀ ਆਮਦ ਮੌਕੇ ਢੋਲ ਵਜਾਏ ਗਏ, ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਗਈ। ਗੀਗੇਮਾਜਰਾ ਦੇ ਪਿੰਡ ਵਾਸੀਆਂ ਨੇ ਪੰਜ ਕੁਇੰਟਲ ਲੱਡੂ ਵੰਡੇ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪੇ੍ਰਕ): ਕਿਸਾਨ ਅੰਦੋਲਨ ਦੀ ਜਿੱਤ ਦੀ ਖ਼ਸ਼ੀ ਵਿੱਚ ਅੱਜ ਸੰਗੀਤ-ਵਜਾਉਂਦਿਆਂ ਇਲਾਕੇ ਦੇ ਮੁੱਲਾਂਪੁਰ ਗ਼ਰੀਬਦਾਸ ਨਿਊ ਚੰਡੀਗੜ੍ਹ, ਪੜੌਲ, ਮਾਜਰਾ, ਮੁੱਲਾਂਪੁਰ ਚੰਡੀਗੜ੍ਹ ਬੈਰੀਅਰ, ਨਵਾਂ ਗਾਉਂ, ਕਾਂਸਲ, ਮਾਜਰੀ ਆਦਿ ਪਿੰਡਾਂ ਦੇ ਬਾਜ਼ਾਰਾਂ ਵਿੱਚ ਫਤਹਿ ਮਾਰਚ ਕੱਢਿਆ ਗਿਆ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਇੱਥੇ ਮੰਡੀ ਗੋਬਿੰਦਗੜ੍ਹ ਵਿੱਚ ‘ਕਿਸਾਨ ਅੰਦੋਲਨ ਫ਼ਤਿਹ’ ਕਰਕੇ ਇੱਕ ਸਾਲ ਮਗਰੋਂ ਘਰ ਵਾਪਸੀ ਕਰ ਰਹੇ ਕਿਸਾਨ ਭਰਾਵਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਅੰਦੋਲਨ ਜਿੱਤ ਕੇ ਪਰਤੇ ਕਿਸਾਨਾਂ ਦੇ ਸਵਾਗਤ ਲਈ ਪੂਰੇ ਸ਼ਹਿਰ ਵਿਚ ਜਸ਼ਨ ਦਾ ਮਾਹੌਲ ਰਿਹਾ। ਉਨ੍ਹਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਐਡਵੋਕੇਟ ਤੇਜਿੰਦਰ ਸਿੰਘ ਕੰਗ ਅਤੇ ਐਡਵੋਕੇਟ ਸਤਿੰਦਰਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ।
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨਗਰ ਵਾਰਡ ਨੰਬਰ 2 ਵੱਲੋਂ ਕਿਸਾਨਾਂ ਦਾ ਵਾਪਸੀ ਮੌਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਨਿਰਭੈ ਸਿੰਘ, ਪਲਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।
ਰੂਪਨਗਰ (ਪੱਤਰ ਪ੍ਰੇਰਕ): ਆਪੋ-ਆਪਣੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਦਾ ਜ਼ਿਲ੍ਹਾ ਰੂਪਨਗਰ ਅੰਦਰ ਸਵਾਗਤ ਦੂਜੇ ਦਿਨ ਵੀ ਜਾਰੀ ਰਿਹਾ। ਇੱਥੇ ਸੋਲਖੀਆਂ ਟੌਲ ਪਲਾਜ਼ਾ ’ਤੇ ਕਿਸਾਨਾਂ ਆਗੂਆਂ ਸਤਨਾਮ ਸਿੰਘ ਗਿੱਲ ਮਾਜਰੀ ਜੱਟਾਂ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਬਸੰਤ, ਸੀਟੂ ਆਗੂ ਗੁਰਦੇਵ ਸਿੰਘ ਬਾਗੀ, ਕਿਰਤੀ ਕਿਸਾਨ ਮੋਰਚਾ ਜਿ਼ਲ੍ਹਾ ਰੂਪਨਗਰ ਦੇ ਪ੍ਰਧਾਨ ਜਗਮਨਦੀਪ ਸਿੰਘ ਪੜ੍ਹੀ, ਮਹਿਲਾ ਵਿੰਗ ਦੀ ਪ੍ਰਧਾਨ ਜਗਦੀਪ ਕੌਰ ਢੱਕੀ, ਮਾਸਟਰ ਸੁਖਜੀਤ ਸਿੰਘ ਬਿੰਦਰਖ, ਗੁਰਮੇਲ ਸਿੰਘ ਬਾੜਾ, ਜੰਗ ਸਿੰਘ ਸੋਲਖੀਆਂ ਆਦਿ ਨੇ ਕਿਸਾਨਾਂ ਦਾ ਸਨਮਾਨ ਕੀਤਾ।
ਲਾਲੜੂ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਨੂੰ ਫਤਹਿ ਕਰਕੇ ਦੇਰ ਰਾਤ ਪਰਤੇ ਕਿਸਾਨਾਂ ਦੇ ਸਾਧਨਾਂ ਦਾ ਵੱਡਾ ਕਾਫ਼ਲਾ ਜਦੋਂ ਦਿੱਲੀ ਤੋਂ ਝਰਮੜੀ ਬਾਰਡਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਇਆ ਤਾਂ ਜਿੱਤ ਦੀ ਖੁਸ਼ੀ ਵਿੱਚ ਲੋਕਾਂ ਵੱਲੋਂ ਭੰਗੜੇ ਪਾਏ ਗਏ, ਲੱਡੂ ਵੰਡੇ ਗਏ ਅਤੇ ਇਲਾਕੇ ਦੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਕਰਾਲੀ (ਪੱਤਰ ਪ੍ਰੇਰਕ): ਕਿਸਾਨਾਂ ਦੇ ਕਾਫ਼ਲਿਆਂ ਦਾ ਅੱਜ ਸ਼ਹਿਰ ਵਿੱਚੋਂ ਲੰਘਣ ਮੌਕੇ ਕੌਮੀ ਮਾਰਗ ਉਤੇ ਵੱਖ ਵੱਖ ਥਾਵਾਂ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ।