ਪੱਤਰ ਪੇ੍ਰਕ
ਬਨੂੜ, 23 ਜਨਵਰੀ
ਇੱਥੋਂ ਸੰਭੂ ਬਾਰਡਰ ਰਾਹੀਂ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਦਿੱਲੀ ਜਾ ਰਹੇ ਟਰੈਕਟਰਾਂ-ਟਰਾਲੀਆਂ ਦੀਆਂ ਅੱਜ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਕਿਸਾਨ ਟਰਾਲੀਆਂ ’ਤੇ ਦੋ-ਦੋ ਟਰੈਕਟਰ ਲੋਡ ਕਰ ਕੇ ਅਤੇ ਇੱਕ-ਦੂਜੇ ਨਾਲ ਟਰੈਕਟਰਾਂ ਨੂੰ ਟੋਚਨ ਕਰਕੇ ਦਿੱਲੀ ਜਾ ਰਹੇ ਹਨ। ਕਿਸਾਨਾਂ ਨੇ ਟਰੈਕਟਰਾਂ ’ਤੇ ਕਿਸਾਨੀ ਝੰਡਿਆਂ ਦੇ ਨਾਲ-ਨਾਲ ਤਿਰੰਗਾ ਵੀ ਲਾਇਆ ਹੋਇਆ ਹੈ। ਇੱਥੋਂ ਲੰਘ ਰਹੇ ਟਰੈਕਟਰ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਇਸੇ ਤਰ੍ਹਾਂ ਬਨੂੜ ਤੋਂ ਦਰਜਨ ਤੋਂ ਵੱਧ ਟਰੈਕਟਰਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਉੱਘੇ ਟਰਾਂਸਪੋਰਟਰ ਕਾ. ਪ੍ਰੇਮ ਸਿੰਘ ਘੜਾਮਾਂ ਨੇ ਹਰੀ ਝੰਡੀ ਵਿਖਾ ਕੇ ਟਰੈਕਟਰਾਂ ਨੂੰ ਰਵਾਨਾ ਕੀਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਸਿਕੰਦਰ ਸਿੰਘ ਬਨੂੜ ਦੀ ਅਗਵਾਈ ਹੇਠ ਟਰੈਕਟਰ ਪਰੇਡ ਸਬੰਧੀ ਲਾਮਬੰਦੀ ਪੈਦਾ ਕਰਨ ਲਈ ਮੋਟਰ ਸਾਈਕਲ ਰੈਲੀ ਕੱਢੀ ਗਈ। ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਤੋਂ ਐਤਵਾਰ ਨੂੰ ਟਰੈਕਟਰਾਂ ਦਾ ਵੱਡਾ ਜਥਾ ਦਿੱਲੀ ਦੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ਸਵੇਰੇ ਅੱਠ ਵਜੇ ਤੁਰੇਗਾ।
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਵੱਲੋਂ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅੱਜ ਮੁਹਾਲੀ ਵਿੱਚ ਮੋਟਰ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਆਪ ਦੇ ਜ਼ਿਲ੍ਹਾ ਆਗੂਆਂ ਅਤੇ ਵਾਲੰਟੀਅਰਾਂ ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ।
ਆਪ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਚੌਕ ਤੋਂ ਸ਼ੁਰੂ ਹੋਈ ਮੋਟਰ ਸਾਈਕਲ ਫੇਜ਼-11 ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਰਾਜ ਲਾਲ ਗਿੱਲ, ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ, ਜਗਦੇਵ ਸਿੰਘ ਮਲੋਆ, ਗੁਰਿੰਦਰ ਸਿੰਘ ਕੈਂਰੋਂ, ਵਿਨੀਤ ਵਰਮਾ, ਅਮਰਦੀਪ ਕੌਰ, ਮਨਦੀਪ ਸਿੰਘ, ਸੁੱਖਾ ਖਾਨਪੁਰ, ਪ੍ਰਿੰਸ ਧਾਲੀਵਾਲ ਅਤੇ ਹੋਰਨਾਂ ਵਾਲੰਟੀਅਰਾਂ ਨੇ ਸ਼ਮੂਲੀਅਤ ਕੀਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਜੀਟੀ ਰੋਡ ਤੇ ਅੰਬਾਲਾ ਛਾਉਣੀ ਦੀ ਸ਼ਾਹਪੁਰ ਵਿਚ ਸਥਿਤ ਅਨਾਜ ਮੰਡੀ ਤੋਂ ਅੱਜ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਕਿਸਾਨ ਪਰੇਡ ਲਈ ਰਵਾਨਾ ਹੋਏ। ਟਰੈਕਟਰ ਟਰਾਲੀਆਂ ਦੇ ਨਾਲ ਹੋਰ ਦੂਜੇ ਵਾਹਨਾਂ ਦਾ ਕਾਫਲਾ ਵੀ ਮੌਜੂਦ ਸੀ।ਵਾਹਨਾਂ ਦੇ ਅੱਗੇ ਜਿਥੇ ਇਕ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਲੱਗੇ ਹੋਏ ਸਨ, ਉਥੇ ਦੂਜੇ ਪਾਸੇ ਤਿਰੰਗੇ ਵੀ ਲਹਿਰਾ ਰਹੇ ਸਨ।
ਦਿੱਲੀ ਟਰੈਕਟਰ ਪਰੇਡ ਲਈ ਕਿਸਾਨ ਦੇ ਜਥੇ ਰਵਾਨਾ ਹੋਏ
ਮੋਰਿੰਡਾ (ਸੰਜੀਵ ਤੇਜਪਾਲ): ਦਿੱਲੀ ਵਿੱਚ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਮੋਰਿੰਡਾ ਇਲਾਕੇ ਤੋਂ ਵੱਡੀ ਗਿਣਤੀ ਕਿਸਾਨ ਰਵਾਨਾ ਹੋ ਗਏ ਹਨ। ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਇਲਾਕੇ ਦੇ ਸਮੂਹ ਕਿਸਾਨ ਅਨਾਜ ਮੰਡੀ ਮੋਰਿੰਡਾ ਵਿੱਚ ਇਕੱਠੇ ਹੋਣ ਮਗਰੋਂ ਟਰੈਕਟਰਾਂ ’ਤੇ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਆੜ੍ਹਤੀ ਭਾਈਚਾਰੇ, ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਪੰਚਕੂਲਾ (ਪੀ.ਪੀ ਵਰਮਾ): ਚੰਡੀਮੰਦਰ ਟੌਲ ਪਲਾਜ਼ਾ ਅਤੇ ਨੱਗਲ-ਬਰਵਾਲਾ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਕਿਸਾਨ ਆਗੂ ਕਰਮ ਸਿੰਘ ਨੇ ਦੱਸਿਆ ਕਿ ਭਲਕੇ ਸੌ ਤੋਂ ਵੱਧ ਟਰੈਕਟਰ ਪਿੰਜੌਰ ਗਾਰਡਨ ਤੋਂ ਦਿੱਲੀ ਟਰੈਕਟਰ ਪਰੇਡ ਲਈ ਰਵਾਨਾ ਹੋਣਗੇ। ਇਹ ਰੂਟ ਯਮੁਨਾਨਗਰ, ਇੰਦਰੀ ਤੋਂ ਕਰਨਾਲ ਹੁੰਦੇ ਹੋਏ ਸਿੰਘੂ ਬਾਰਡਰ ਤੱਕ ਜਾਵੇਗਾ ਅਤੇ ਫਿਰ ਇਹ ਦਿੱਲੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਪਰੇਡ ਲਈ ਕਈ ਔਰਤਾਂ ਆਪ ਟਰੈਕਟਰ ਚਲਾ ਕੇ ਜਾ ਰਹੀਆਂ ਹਨ। ਇਨੈਲੋ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਚੌਧਰੀ ਨੇ ਕਿਹਾ ਕਿ ਉਹ ਇਸ ਟਰੈਕਟਰ ਮਾਰਚ ਵਿੱਚ ਆਪ ਟਰੈਕਟਰ ਚਲਾ ਕੇ ਹਿੱਸਾ ਲਵੇਗੀ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਦਿੱਲੀ ਵਿੱਚ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਪਿੰਡ ਚਨਾਰਥਲ ਕਲਾਂ ਤੋਂ ਟਰੈਕਟਰਾਂ ਦਾ ਜੱਥਾ ਅੱਜ ਦਿੱਲੀ ਲਈ ਰਵਾਨਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਮੋਦੀ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਪਿੱਛੇ ਨਹੀਂ ਹਟਣਗੇ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਪਿੰਡ ਚਨੌਲੀ ਤੋਂ ਗੁਰਵਿੰਦਰ ਸਿੰਘ ਲੰਬੜਦਾਰ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਅੱਜ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਇਆ। ਗੁਰਵਿੰਦਰ ਸਿੰਘ ਲੰਬੜਦਾਰ ਨੇ ਕਿਹਾ ਕਿ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਅਮਲੋਹ ਤੋਂ ਕਿਸਾਨਾਂ ਦਾ ਜਥਾ ਅੱਜ ਹੋਵੇਗਾ ਰਵਾਨਾ
ਅਮਲੋਹ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਮਲੋਹ ਦੇ ਸੱਦੇ ’ਤੇ ਐਤਵਾਰ ਨੂੰ ਅਨਾਜ ਮੰਡੀ ਅਮਲੋਹ ਤੋਂ ਵੱਡਾ ਕਾਫ਼ਲਾ ਦਿੱਲੀ ਟਰੈਕਟਰ ਪਰੇਡ ਲਈ ਰਵਾਨਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਹਰ ਘਰ ਵਿੱਚੋਂ ਟਰੈਕਟਰ ਲੈ ਕੇ 24 ਜਨਵਰੀ ਨੂੰ ਅਨਾਜ ਮੰਡੀ ਅਮਲੋਹ ਵਿਚ ਪੁੱਜਣ ਤਾਂ ਜੋ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਿੱਲੀ ਟਰੈਕਟਰ ਵਿੱਚ ਹਿੱਸਾ ਲੈਣ ਲਈ ਚਾਲੇ ਪਾਏ ਜਾਣ।