ਆਤਿਸ਼ ਗੁਪਤਾ
ਚੰਡੀਗੜ੍, 13 ਜਨਵਰੀ
ਲੋਹੜੀ ਦੇ ਤਿਉਹਾਰ ਮੋਕੇ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਨੂੰ ਸਮਰਪਿਤ ਲੋਹੜੀ ਮਨਾਈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਚੰਡੀਗੜ੍ਹ ਯੁਵਾ ਦਲ, ਪੰਜਾਬ ਕਿਸਾਨ ਯੂਨੀਅਨ, ਬੁੜੈਲ ਕਿਸਾਨ ਕਲੱਬ ਤੇ ਹੋਰਨਾਂ ਜਥੇਬੰਦੀਆਂ ਨੇ ਸੈਕਟਰ-44/45 ਵਾਲੇ ਚੌਕ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਇਸੇ ਤਰ੍ਹਾਂ ਆਲ ਇੰਡੀਆ ਜਾਟ ਮਹਾਸਭਾ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਸਾਥੀਆਂ ਸਮੇਤ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।
ਕੁਰਾਲੀ (ਮਿਹਰ ਸਿੰਘ): ਲੋਹੜੀ ਦਾ ਤਿਉਹਾਰ ਨੂੰ ਮੁੱਖ ਰੱਖ ਕੇ ਇੱਕ ਸਮਾਗਮ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿਚ ਲੋਹੜੀ ਬਾਲੀ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਇਤਿਹਾਸਕ ਤੇ ਸਮਾਜਿਕ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਪੁਸ਼ਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਓਹਾਰ ਦੀਆਂ ਸ਼ੁਭ ਇੱਛਾਵਾਂ ਭੇਟ ਕੀਤੀਆਂ। ਲਾਲੜੂ (ਸਰਬਜੀਤ ਸਿੰਘ ਭੱਟੀ): ਡਾ. ਬੀਆਰ ਅੰਬੇਡਕਰ ਸੇਵਾ ਸੁਸਾਇਟੀ ਨੇ ਲੋਹੜੀ ਦਾ ਤਿਉਹਾਰ ਸਮੁੂਹ ਸੁਸਾਇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਮਨਾਇਆ ਤੇ ਇਲਾਕਾ ਵਾਸੀਆਂ ਨੂੰ ਮੁੰਗਫਲੀ, ਰਿਉੜੀਆਂ ਤੇ ਗੱਚਕ ਵੰਡੀ।
ਖਰੜ (ਸ਼ਸ਼ੀਪਾਲ ਜੈਨ): ਅੱਜ ਲਾਇਨ ਕਲੱਬ ਨੇ ਸਥਾਨਕ ਹਸਪਤਾਲ ਵਿਚ ਲੋਹੜੀ ਮਨਾਈ ਤੇ ਕਲੱਬ ਮੈਂਬਰਾਂ ਨੇ ਨਵ-ਜੰਮੀਆਂ ਬੱਚੀਆਂ ਨੂੰ ਤੋਹਫ਼ੇ ਵੰਡੇ। ਇਸ ਮੌਕੇ ਲਾਇਨ ਕਲੱਬ ਦੇ ਮੈਂਬਰਾਂ ਨੇ ਸਮੂਹ ਸਟਾਫ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਰਲ ਕੇ ਖੁਸ਼ੀਆਂ ਮਨਾਈਆਂ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਚ ਲੋਹੜੀ ਦਾ ਤਿਉਹਾਰ ਸਮੁੱਚੀ ਦੁਨੀਆਂ ਨੂੰ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੰਦੇ ਹੋਏ ਧੂਮ-ਧਾਮ ਨਾਲ ਮਨਾਇਆ ਗਿਆ। ਨਵੀਂ ਜ਼ਿੰਦਗੀ ਦਾ ਪ੍ਰਤੀਕ ਤਿਉਹਾਰ ਲੋਹੜੀ ਦੀ ਪੂਰਵ ਸੰਧਿਆ ਮੌਕੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਤੇ ਡੀਐੱਸਪੀ ਗੁਰਇਕਬਾਲ ਸਿੰਘ ਨੇ ਲੋਹੜੀ ਬਾਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਗਿਲਕੋ ਇੰਟਰਨੈਸਨਲ ਸਕੂਲ ਵਿਚ ਲੋਹੜੀ ਦਾ ਤਿਉਹਾਰ ਪਿਆਰ ਤੇ ਉਤਸਾਹ ਨਾਲ ਮਨਾਇਆ ਗਿਆ। ਮੁੱਖ ਅਧਿਆਪਕਾ ਇੰਦਰਪ੍ਰੀਤ ਕੌਰ ਨੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ।
ਅਮਲੋਹ (ਡਾ. ਹਿਮਾਂਸ਼ੂ ਜੈਨ): ਪਿੰਡ ਮਾਨਗੜ੍ਹ ਵਿੱਚ ਸਰਪੰਚ ਰਣਧੀਰ ਸਿੰਘ ਦੀ ਅਗਵਾਈ ਹੇਠ 13 ਧੀਆਂ ਦੀ ਲੋਹੜੀ ਮਨਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋਂ ਤੇ ਹੋਰਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੜਕਿਆਂ ਤੇ ਲੜਕੀਆਂ ’ਚ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਰੱਖਣਾ ਚਾਹੀਦਾ ਤੇ ਧੀਆਂ ਦੀ ਲੋਹੜੀ ਵੀ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ। ਇਸੇ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਖਨਿਆਣ ਦੇ ਸਟਾਫ਼ ਨੇ ਧੂਮ ਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਇਸੇ ਤਰ੍ਹਾਂ ਗੁਰਤੀਰਥ ਨਰਸਿੰਗ ਹੋਮ ਵਿੱਚ ਡਾ. ਤੀਰਥ ਬਾਲਾ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਮੋਹਤਬਰ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਤੇ 21 ਨਵ-ਜੰਮੀਆਂ ਧੀਆਂ ਤੇ ਉਨ੍ਹਾਂ ਦੀਆਂ ਮਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਬਸੀ ਪਠਾਣਾਂ (ਅਜੇ ਮਲਹੋਤਰਾ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਪ੍ਰਧਾਨ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ, ਜਿਸ ਵਿਚ ਜ਼ਿਲ੍ਹਾ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ, ਨਵਜੋਤ ਕੌਰ, ਬਲਜਿੰਦਰ ਕੌਰ, ਅਮਰਜੀਤ ਸਿੰਘ ਤੇ ਹੋਰਨਾਂ ਨੇ ਸ਼ਿਰਕਤ ਕੀਤੀ। ਸ੍ਰੀ ਗਿੱਲ ਨੇ ਕਿਹਾ ਕਿ ਸਾਰੇ ਧਰਮ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ, ਇਸ ਲਈ ਸਾਨੂੰ ਇਕੱਠੇ ਹੋ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ।
ਨੰਗਲ (ਰਾਕੇਸ਼ ਸੈਣੀ): ਰੋਟਰੈਕਟ ਕਲੱਬ ਭਾਖੜਾ ਨੰਗਲ ਦੇ ਮੈਂਬਰਾਂ ਨੇ ਪ੍ਰਧਾਨ ਰੁਪਿੰਦਰਜੀਤ ਰੂਬੀ ਦੀ ਅਗਵਾਈ ਹੇਠ ਸ਼ਿਵਾਲਿਕ ਐਵੇਨਿਯੂ ਨਵਾਂ ਨੰਗਲ ਵਿੱਚ ਸਲਾਈ ਸੈਂਟਰ ’ਚ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਪੰਹੁਚੇ ਰੋਟਰੀ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਇੰਜ. ਪਰਮਿੰਦਰ ਸੰਧੂ ਨੇ ਕਿਹਾ ਕਿ ਅੱਜ ਲੜਕੀਆਂ ਵਿਸ਼ਵ ਪੱਧਰ ’ਤੇ ਹਰ ਖਿੱਤੇ ’ਚ ਆਪਣੇ ਮਾਤਾ ਪਿਤਾ ਤੇ ਆਪਣਾ ਨਾਂ ਰੌਸ਼ਨ ਕਰ ਰਹੀਆਂ ਹਨ ਤੇ ਇਨ੍ਹਾਂ ਨੂੰ ਹੋਰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ।
ਨੂਰਪੁਰਬੇਦੀ (ਅਵਿਨਾਸ਼ ਕੁਮਾਰ): ਗੁਰੂ ਰਵਿਦਾਸ ਸਪੋਰਟਸ ਕਲੱਬ ਨੰਗਲ (ਅਬਿਆਣਾ) ਨੇ ਨਵ-ਜੰਮੀਆਂ ਬੱਚੀਆਂ ਨੂੰ ਲੋਹੜੀ ਪਾਉਣ ਦਾ ਪ੍ਰੋਗਰਾਮ ਕਰਵਾਇਆ। ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਇਕ ਸਾਲ ਤੋਂ ਛੋਟੀਆਂ ਕੁੜੀਆਂ ਨੂੰ ਲੋਹੜੀ ਪਾਈ ਗਈ। ਕਿਸਾਨੀ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਇੰਟਰਨੈਸ਼ਨਲ ਢਾਡੀ ਮਨਜੀਤ ਸਿੰਘ ਅਬਿਆਣਾ ਨੇ ਸਟੇਜ ਦੀ ਸ਼ੁਰੂਆਤ ਪਹਿਲਾਂ ਕਿਸਾਨੀ ਸੰਘਰਸ਼ ’ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਨਹਿਰੂ ਯੁਵਾ ਕੇਂਦਰ ਤੇ ਸੰਕਲਪ ਸੁਸਾਇਟੀ ਰੂਪਨਗਰ ਨੇ ਧੀਆਂ ਬਾਰੇ ਨਾਟਕ ਖੇਡਿਆ। ਕਲੱਬ ਨੇ ਇਲਾਕੇ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ‘ਇਲਾਕੇ ਦਾ ਮਾਣ’ ਐਵਾਰਡ ਨਾਲ ਸਨਮਾਨਿਆ।
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਮਾਰਕਫੈੱਡ ਐਗਰੋ ਕੈਮੀਕਲਜ਼ ਦੇ ਸਮੂਹ ਵੱਲੋਂ ਲੇਬਰ ਵਰਕਰਾਂ ਦੀਆਂ ਧੀਆਂ ਦੀ ਲੋਹੜੀ ਮਨਾਈ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਰਕਫੈੱਡ ਐਗਰੋ ਕੈਮੀਕਲਜ਼ ਵੱਲੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਪਿਛਲੇ 33 ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਇਸ ਸਾਲ ਦਫ਼ਤਰੀ ਸਟਾਫ਼ ਦੀ ਨਵ-ਜੰਮੀ ਦੋਹਤੀ ਹਰਗੁਣ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਪ੍ਰੈੱਸ ਕਲੱਬ ਵਿੱਚ ਲੋਹੜੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀ ਗਈ। ਇਸੇ ਦੌਰਾਨ ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੇ ‘ਆਪਣਾ ਘਰ’ ਵਿਚ ਵੀ ਅੱਜ ਇਨਰਵ੍ਹੀਲ ਕਲੱਬ ਰੂਪਨਗਰ ਨੇ ਲੋਹੜੀ ਮਨਾਈ। ਇਸੇ ਤਰ੍ਹਾਂ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਡੇਰਾਬੱਸੀ (ਹਰਜੀਤ ਸਿੰਘ): ਸਿਹਤ ਵਿਭਾਗ ਵੱਲੋਂ ਅੱਜ ਡੇਰਾਬੱਸੀ ਵਿਚ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਨਵ-ਜੰਮੀਆਂ ਧੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਿਤ ਕਰਦਿਆਂ ਡਾ. ਸੰਗੀਤਾ ਜੈਨ ਨੇ ਕਿਹਾ ਕਿ ਲੋਕਾਂ ਵਿੱਚ ਲਿੰਗ ਆਧਾਰਿਤ ਭੇਦਭਾਵ ਨਾ ਕਰਨ ਬਾਰੇ ਪਹਿਲਾਂ ਤੋਂ ਜਾਗਰੂਕਤਾ ਆਈ ਹੈ। ਪਰ ਹਾਲੇ ਵੀ ਇਸ ਵਿੱਚ ਸੁਧਾਰ ਲਿਆਇਆ ਜਾਣਾ ਜ਼ਰੂਰੀ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਸਾਂਝੇ ਉਦਮ ਕਰਨੇ ਚਾਹੀਦੇ ਹਨ ’ਤੇ ਸਮਾਜਿਕ ਇਕਜੁੱਟਤਾ ਨਾਲ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਖਤਮ ਕਰਨਾ ਚਾਹੀਦਾ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਜ਼ਿਲ੍ਹਾ ਬਾਲ ਭਲਾਈ ਕੌਂਸਲ ਨੇ ਛਾਉਣੀ ਸਥਿਤ ਬਾਲ ਭਵਨ ਵਿਚ ਬੱਚਿਆਂ ਨਾਲ ਲੋਹੜੀ ਮਨਾਈ। ਇਸ ਮੌਕੇ ਯਮੁਨਾਨਗਰ ਤੋਂ ਡਾ. ਮੀਨਾਕਸ਼ੀ ਅਈਅਰ ਮੁੱਖ ਮਹਿਮਾਨ ਵਜੋਂ ਅਤੇ ਡਿਵੀਜਨਲ ਬਾਲ ਭਲਾਈ ਅਧਿਕਾਰੀ ਮਨੀਸ਼ਾ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਭਾਲ ਭਲਾਈ ਅਧਿਕਾਰੀ ਸ਼ਿਵਾਨੀ ਸੂਦ ਦੀ ਅਗਵਾਈ ਹੇਠ ਮਨਾਈ ਗਈ ਇਸ ਲੋਹੜੀ ’ਚ ਐੱਸਏਜੈਨ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਹੇਮੰਤ ਕਪਿਲ ਨੇ ਗੀਤ ਸੁਣਾਏ।
ਧੂਣੀ ’ਚ ਫੂਕੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਅੱਜ ਵੱਖ-ਵੱਖ ਥਾਈਂ ਲੋਹੜੀ ਬਾਲ਼ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸੈਕਟਰ 39-ਡੀ ਦੀ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਰਾਓਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਬੈਨੀਪਾਲ ਅਤੇ ਸਮੁੱਚੀ ਲੀਡਰਸ਼ਿਪ ਨੇ ਲੋਹੜੀ ਦਾ ਤਿਉਹਾਰ ਮਨਾਇਆ। ਇਲਾਕਾ ਕੌਂਸਲਰ ਗੁਰਬਖਸ਼ ਰਾਵਤ ਦੀ ਅਗਵਾਈ ਹੇਠ ਲੋਕਾਂ ਨੇ ਲੋਹੜੀ ਬਾਲ਼ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਵਿੱਚ ਸਾੜੀਆਂ ਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸੈਕਟਰ-50 ਵਿੱਚ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਹੇਠ ਲੋਹੜੀ ਬਾਲ਼ੀ ਗਈ, ਜਿਸ ਦੌਰਾਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਚਨਾਰਥਲ ਖੁਰਦ ਸਕੂਲ ’ਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ
ਬਸੀ ਪਠਾਣਾਂ (ਅਜੇ ਮਲਹੋਤਰਾ): ਸਰਕਾਰੀ ਸਕੂਲ ਚਨਾਰਥਲ ਖੁਰਦ ਵਿਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਪੂਨੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਕਦਮ ਕਿਸਾਨ, ਮਜ਼ਦੂਰ, ਮੁਲਾਜ਼ਮ ਨੂੰ ਨਿੱਜੀਕਰਨ ਵੱਲ ਧੱਕ ਰਿਹਾ ਹੈ। ਹਰ ਸਰਕਾਰੀ ਮਹਿਕਮੇ ਨੂੰ ਵੱਡੇ-ਵੱਡੇ ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ।
ਧੀਆਂ ਕਿਸੇ ਨਾਲੋਂ ਘੱਟ ਨਹੀਂ: ਸਿੱਧੂ
ਐਸਏਐਸ ਨਗਰ (ਪੱਤਰ ਪ੍ਰੇਰਕ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਜੱਚਾ-ਬੱਚਾ ਹਸਪਤਾਲ ਵਿੱਚ ਲੋਹੜੀ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ, ਪਰ ਇਸ ਦਿਸ਼ਾ ਵਿੱਚ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ।