ਪੱਤਰ ਪ੍ਰੇਰਕ
ਪੰਚਕੂਲਾ, 17 ਮਈ
ਲੌਕਡਾਊਨ ਦੇ ਮੱਦੇਨਜ਼ਰ ਪੰਚਕੂਲਾ ਦੀਆਂ ਹੱਦਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਪੀਰ ਮੁਸ਼ੱਲਾ ਸੈਕਟਰ-20 ਪੰਚਕੂਲਾ ਦੇ ਨਾਲ ਪੈਂਦੇ ਪੰਜਾਬ ਦੀ ਹੱਦ ’ਤੇ ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਵੱਡੇ ਬੈਰੀਕੇਡ ਲਗਾ ਕੇ ਰਸਤੇ ਬੰਦ ਕੀਤੇ ਹੋਏ ਹਨ। ਸਿਰਫ ਐਮਰਜੈਂਸੀ ਵਾਹਨਾਂ ਨੂੰ ਹੀ ਇੱਥੋਂ ਲੰਘਣ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਲੰਘਣ ਵਾਲੇ ਹਰ ਵਿਅਕਤੀ ਦਾ ਪਛਾਣ ਪੱਤਰ ਵੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਕਾਲਕਾ-ਹਿਮਾਚਲ ਬੈਰੀਅਰ ’ਤੇ ਵੀ ਪੁਲੀਸ ਵੱਲੋਂ ਸਖ਼ਤੀ ਕੀਤੀ ਗਈ ਹੈ। ਚੰਡੀਗੜ੍ਹ-ਪੰਚਕੂਲਾ ਬੈਰੀਅਰ ’ਤੇ ਵੀ ਪੁਲੀਸ ਨਿਗ੍ਹਾ ਰੱਖ ਰਹੀ ਹੈ। ਪੰਚਕੂਲਾ ਵਿੱਚ ਲੌਕਡਾਊਨ ਦੇ ਤੀਜੇ ਦੌਰ ਦੌਰਾਨ ਅੱਜ ਵੀ ਦੁਕਾਨਾਂ ਬੰਦ ਰਹੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਦੀਆਂ ਦੁਕਾਨਾਂ, ਹੋਮ ਡਲਿਵਰੀ ਕਰਨ ਵਾਲੇ ਰੈਸਟੋਰੈਂਟ ਅਤੇ ਹੋਟਲ, ਸ਼ਬਜੀ, ਫ਼ਲ ਅਤੇ ਮੁਬਾਈਲ ਦੀਆਂ ਦੁਕਾਨਾਂ ਤੋਂ ਇਲਾਵਾ ਪੈਟਰੋਲ ਪੰਪ, ਬੈਂਕਾਂ ਨੂੰ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵਿਆਹ ਸ਼ਾਦੀਆਂ ਲਈ ਵੀ ਇੰਨਡੋਰ 30 ਵਿਅਕਤੀ, ਆਊਟਡੌਰ ਵਿੱਚ 50 ਵਿਅਕਤੀ ਹੀ ਆ ਸਕਦੇ ਹਨ। ਇਸ ਲਈ ਵੀ ਪ੍ਰਸ਼ਾਸਨ ਦੀ ਮੰਜ਼ੂਰੀ ਲੈਣੀ ਜ਼ਰੂਰੀ ਹੈ।
ਅੰਤਿਮ ਸੰਸਕਾਰ ਲਈ ਸਿਰਫ 20 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ। ਗਰਭਵਤੀ ਮਹਿਲਾਵਾਂ ਅਤੇ ਮਰੀਜ਼ਾਂ ਲਈ ਹਸਪਤਾਲ ਦੀਆਂ ਐਬੂਲੈਂਸਾਂ ਲਈ ਕਿਸੇ ਕਿਸਮ ਦੀ ਵੀ ਮਨਾਹੀ ਨਹੀਂ ਹੋਵੇਗੀ। 50 ਫੀਸਦੀ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ।