ਆਤਿਸ਼ ਗੁਪਤਾ
ਚੰਡੀਗੜ੍ਹ, 1 ਮਈ
ਚੰਡੀਗੜ੍ਹ ਵਿੱਚ ਰੋਜ਼ਾਨਾ ਵਧਦੇ ਜਾ ਰਹੇ ਕਰੋਨਾਵਾਇਰਸ ਦੇ ਕੇਸਾਂ ਵਿੱਚ ਯੂਕੇ ਦਾ ਸਟ੍ਰੇਨ ਪਾਏ ਜਾਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਵੱਲੋਂ ਲਾਏ ਗਏ ਹਫ਼ਤਾਵਾਰੀ ਲੌਕਡਾਊਨ ਦੌਰਾਨ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਖੁਲ੍ਹੀਆਂ ਰਹੀਆਂ। ਮਗਰੋਂ ਦੁਕਾਨਾਂ ਬੰਦ ਹੋਣ ਕਰਕੇ ਬਾਜ਼ਾਰਾਂ ਵਿੱਚ ਸੰਨਾਟਾ ਪਸਰ ਗਿਆ। ਸ਼ਹਿਰ ਵਿੱਚ ਸੜਕੀ ਆਵਾਜਾਈ ਆਮ ਦਿਨਾਂ ਵਾਂਗ ਜਾਰੀ ਰਹੀ। ਪੁਲੀਸ ਨੇ ਲੌਕਡਾਊਨ ਦੀ ਪਾਲਣਾ ਕਰਵਾਉਣ ਲਈ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਦੁਪਹਿਰ 2 ਵਜੇ ਤੱਕ ਅਤੇ ਆਮ ਦੁਕਾਨਦਾਰਾਂ ਨੂੰ ਸ਼ਨਿਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ ਜਦਕਿ ਸ਼ਹਿਰ ਵਿੱਚ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਦੂਜੇ ਪਾਸੇ ਪ੍ਰਸ਼ਾਸਨ ਨੇ ਸੁਖਨਾ ਝੀਲ, ਰੌਕ ਗਾਰਡਨ ਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਜਿੱਥੇ ਦਿਨ ਭਰ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਪੁਲੀਸ ਨੇ ਉਨ੍ਹਾਂ ਥਾਵਾਂ ’ਤੇ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ। ਸ਼ਹਿਰ ਦੇ ਸੈਕਟਰ-17, 22, 34, 18 ਸਣੇ ਸ਼ਹਿਰ ਦੀਆਂ ਸਾਰੀਆਂ ਮਾਰਕੀਟ ਦਿਨ ਭਰ ਬੰਦ ਰਹੀ। ਇੰਜ ਹੀ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੰਨਾਟਾ ਪਸਰਿਆ ਰਿਹਾ।
ਲੌਕਡਾਊਨ ਦੌਰਾਨ ਸ਼ਹਿਰ ਵਿੱਚਲੇ ਨਿੱਜੀ ਦਫ਼ਤਰ ਖੁੱਲ੍ਹੇ ਹੋਣ ਕਰਕੇ ਲੌਕਡਾਊਨ ਦਾ ਅਸਰ ਨਾ ਦੇ ਬਰਾਬਰ ਹੀ ਦੇਖਣ ਨੂੰ ਮਿਲਿਆ। ਇਸ ਦੌਰਾਨ ਸ਼ਹਿਰ ਵਾਸੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਨਿੱਜੀ ਦਫ਼ਤਰਾਂ ਦੇ ਖੁੱਲ੍ਹਣ ਕਰਕੇ ਸ਼ਹਿਰ ਵਿੱਚ ਆਵਾਜਾਈ ਜਾਰੀ ਰਹੇਗੀ ਤਾਂ ਲੌਕਡਾਊਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦਾ ਮਤਲਬ ਪ੍ਰਸ਼ਾਸਨ ਲੌਕਡਾਊਨ ਦੇ ਬਹਾਨੇ ਸਥਾਨਕ ਲੋਕਾਂ ਨੂੰ ਹੀ ਘਰਾਂ ਵਿੱਚ ਰੱਖਣਾ ਚਾਹੁੰਦਾ ਹੈ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਯੂਟੀ ਪ੍ਰਸ਼ਾਸਨ ਨੇ 32 ਨਵੇਂ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਹਨ। ਇਹ ਆਦੇਸ਼ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਸੈਕਟਰ-18, 21, 32, 34, 35, 36, 37, 40, 42, 43, 44, 45, 46, 49, ਦੜੂਆ, ਇੰਦਰਾ ਕਲੋਨੀ, ਮਾਡਰਨ ਹਾਉਸਿੰਗ ਕੰਪਲੈਕਸ ਮਨੀਮਾਜਰਾ, ਪੀਪਲੀ ਵਾਲਾ ਟਾਉਨ ਮਨੀਮਾਜਰਾ, ਸਮਾਧੀ ਗੇਟ ਮਨੀਮਾਜਰਾ ਅਤੇ ਹਾਲੋ ਮਾਜਰਾ ਦੇ ਚੋਣਵੇਂ ਘਰ ਸ਼ਾਮਿਲ ਹਨ।
ਪੰਚਕੂਲਾ ਵਿੱਚ ਸੜਕਾਂ ਸੁੰਨੀਆਂ ਰਹੀਆਂ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਲੌਕਡਾਊਨ ਦੇ ਪਹਿਲੇ ਦਿਨ ਸੜਕਾਂ ਅਤੇ ਬਾਜ਼ਾਰ ਸੁੰਨੇ ਰਹੇ। ਪੰਚਕੂਲ਼ਾ ਦੇ ਡੀ.ਸੀ. ਮੁਕੇਸ਼ ਕੁਮਾਰ ਆਹੂਜਾ ਨੇ ਵੀ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਬਾਰੇ ਸੋਸ਼ਲ ਮੀਡੀਆ ’ਤੇ ਲੈਕਚਰ ਦਿੱਤਾ। ਅੱਜ ਪੈਟਰੋਲ ਪੰਪ, ਮੈਡੀਕਲ ਸਟੋਰ, ਐਲਪੀਜੀ ਦੇ ਸਿਲੰਡਰਾਂ ਦੀ ਢੋਆ-ਢੋਆਈ ਤੋਂ ਇਲਾਵਾ ਪ੍ਰਾਈਵੇਟ-ਸਰਕਾਰੀ ਹਸਪਤਾਲਾਂ ਦੀਆਂ ਲੈਬੋਰਟਰੀਆਂ ਖੁਲ੍ਹੀਆਂ ਰਹੀਆਂ। ਪੁਲੀਸ ਦੀਆਂ ਪੀਸੀਆਰ ਗੱਡੀਆਂ ਵੱਲੋਂ ਵੱਖ-ਵੱਖ ਸੈਕਟਰਾਂ ਵਿੱਚ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਦੀ ਅਪੀਲ ਕੀਤੀ ਜਾ ਰਹੀ ਸੀ।