ਕਰਮਜੀਤ ਸਿੰਘ ਚਿੱਲਾ
ਬਨੂੜ, 14 ਜੂਨ
ਪੰਜਾਬ ਸਰਕਾਰ ਵੱਲੋਂ ਐਲਾਨੇ ਤਾਜ਼ਾ ਲੌਕਡਾਊਨ ਕਾਰਨ ਅੱਜ ਇੱਥੋਂ ਦੇ ਸਮੁੱਚੇ ਬਾਜ਼ਾਰ ਬੰਦ ਰਹੇ। ਕਰਿਆਨਾ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਹੋਣ ਦੇ ਬਾਵਜੂਦ ਉਨ੍ਹਾਂ ਉੱਤੇ ਗਾਹਕੀ ਨਾਮਾਤਰ ਰਹੀ। ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲੇ ਅਤੇ ਸੜਕਾਂ ਉੱਤੇ ਆਵਾਜਾਈ ਨਾ ਹੋਣ ਕਾਰਨ ਸੁੰਨ ਪਸਰੀ ਰਹੀ। ਪੱਤਰਕਾਰਾਂ ਦੀ ਟੀਮ ਨੇ ਬਨੂੜ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਪੈਂਦੇ ਕਸਬਿਆਂ ਮਾਣਕਪੁਰ, ਖੇੜਾ ਗੱਜੂ, ਜਾਂਸਲਾ, ਸਨੇਟਾ, ਦੈੜੀ ਆਦਿ ਦਾ ਦੌਰਾ ਕਰਕੇ ਵੇਖਿਆ ਤਾਂ ਸਮੁੱਚੇ ਬਾਜ਼ਾਰ ਬੰਦ ਨਜ਼ਰ ਆਏ। ਸੜਕਾਂ ਦੇ ਆਲੇ-ਦੁਆਲੇ ਢਾਬੇ ਵੀ ਬੰਦ ਰਹੇ। ਬਨੂੜ ਤੋਂ ਅੰਬਾਲਾ, ਜ਼ੀਰਕਪੁਰ, ਖਰੜ ਅਤੇ ਰਾਜਪੁਰਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਬੱਸ ਆਵਾਜਾਈ ਮੁਕੰਮਲ ਬੰਦ ਰਹੀ। ਸੜਕਾਂ ਉੱਤੇ ਕੋਈ ਕੋਈ ਵਾਹਨ ਜਾਂ ਐਂਬੂਲੈਂਸ ਵਗੈਰਾ ਚੱਲਦੀ ਹੀ ਨਜ਼ਰ ਆਈ। ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਵੀ ਨਜ਼ਰ ਆ ਰਿਹਾ ਸੀ। ਬਨੂੜ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਉੱਤੇ ਲੋਕਾਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਸਬੰਧੀ ਜਾਣੂ ਕਰਾਉਣ ਲਈ ਮਿਸ਼ਨ ਫ਼ਤਹਿ ਅਧੀਨ ਦੋ ਥ੍ਰੀ-ਵ੍ਹੀਲਰਾਂ ਨੂੰ ਰਵਾਨਾ ਕੀਤਾ। ਇਨ੍ਹਾਂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਦੇਸ਼, ਮਿਸ਼ਨ ਫ਼ਤਹਿ ਦੇ ਗੀਤ ਅਤੇ ਸਾਵਧਾਨੀਆਂ ਬਾਰੇ ਲਾਊਡ ਸਪੀਕਰਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ।
ਚਮਕੌਰ ਸਾਹਿਬ (ਸੰਜੀਵ ਬੱਬੀ): ਤਾਲਾਬੰਦੀ ਦੇ ਅੱਜ ਦੂਜੇ ਦਿਨ ਇਤਿਹਾਸਕ ਨਗਰੀ ਚਮਕੌਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਕਸਬਿਆਂ ਵਿੱਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਸਿਰਫ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਲੀਨਿਕ ਅਤੇ ਮੈਡੀਕਲ ਸਟੋਰ ਹੀ ਖੁੱਲ੍ਹੇ ਰਹੇ। ਉਕਤ ਖੁੱਲ੍ਹੀਆਂ ਦੁਕਾਨਾਂ ਦੇ ਮਾਲਕ ਵੀ ਗਾਹਕ ਨਾ ਹੋਣ ਕਾਰਨ ਬਾਅਦ ਦੁਪਹਿਰ ਦੁਕਾਨਾਂ ਬੰਦ ਕਰ ਗਏ। ਇਹ ਪਹਿਲੀ ਵਾਰ ਸੀ ਕਿ ਬਿਨਾਂ ਪੁਲੀਸ ਤੋਂ ਲੋਕ ਆਪਣੇ ਘਰਾਂ ਵਿੱਚ ਰਹੇ ਅਤੇ ਸੜਕਾਂ ’ਤੇ ਵਾਹਨ ਵੀ ਬਹੁਤ ਘੱਟ ਵੇਖਣ ਨੂੰ ਮਿਲੇ। ਪੁਲੀਸ ਵੱਲੋਂ ਵੀ ਇਸ ਵਾਰ ਪਹਿਲਾਂ ਵਾਂਗ ਸਖ਼ਤੀ ਨਹੀਂ ਵਿਖਾਈ ਗਈ। ਇਸੇ ਤਰ੍ਹਾਂ ਪਿੰਡ ਪਿੱਪਲ ਮਾਜਰਾ, ਰੁੜਕੀ ਹੀਰਾਂ, ਲੁਠੇੜੀ, ਸੰਧੂਆਂ ਵਿਖੇ ਵੀ ਦੁਕਾਨਾਂ ਬੰਦ ਰਹੀਆਂ।