ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਥਿਤ ਯੂਟੀ ਗੈਸਟ ਹਾਊਸ ’ਚ ਅਧਿਕਾਰੀਆਂ ਦਾ ਰਹਿਣਾ ਮਹਿੰਗਾ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਗੈਸਟ ਹਾਊਸ ਲਈ ਨਵੀਆਂ ਦਰਾਂ ਤੈਅ ਕੀਤੀਆਂ ਹਨ, ਜੋ ਕਿ ਪਹਿਲਾਂ ਦੇ ਮੁਕਾਬਲੇ ਦੁੱਗਣੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਸ ਸਬੰਧੀ ਅੱਜ ਪੱਤਰ ਜਾਰੀ ਕਰ ਦਿੱਤਾ ਹੈ।
ਇਸ ਪੱਤਰ ਅਨੁਸਾਰ ਯੂਟੀ ਗੈਸਟ ਹਾਊਸ ਵਿੱਚ ਠਹਿਰਣ ਵਾਲਿਆਂ ’ਤੇ ਨਵੀਆਂ ਦਰਾਂ ਪਹਿਲੀ ਜੁਲਾਈ ਤੋਂ ਲਾਗੂ ਹੋਣਗੀਆਂ। ਯੂਟੀ ਪ੍ਰਸ਼ਾਸਨ ਵੱਲੋਂ ਤੈਅ ਨਵੀਆਂ ਦਰਾਂ ਅਨੁਸਾਰ ਕੇਂਦਰ ਅਤੇ ਯੂਟੀ ਮੁਲਾਜ਼ਮਾਂ ਨੂੰ ਪ੍ਰਤੀ ਦਿਨ ਕਮਰੇ ਦੀ ਕੀਮਤ 500 ਰੁਪਏ ਅਦਾ ਕਰਨੀ ਪਵੇਗੀ, ਜਦੋਂ ਕਿ ਪਹਿਲਾਂ ਸਿਰਫ਼ 200 ਰੁਪਏ ਦੇਣੇ ਪੈਂਦੇ ਸਨ। ਕੇਂਦਰ ਜਾਂ ਯੂਟੀ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਇਕ ਕਮਰੇ ਲਈ ਪ੍ਰਤੀ ਦਿਨ 800 ਰੁਪਏ ਅਦਾ ਕਰਨੇ ਹੋਣਗੇ ਜੋ ਕਿ ਪਹਿਲਾਂ 300 ਰੁਪਏ ਸਨ। ਇਸੇ ਤਰ੍ਹਾਂ ਸਰਕਟ ਹਾਊਸ ਪੋਰਸ਼ਨ ਦੀ ਕੀਮਤ ਵੀ 500 ਰੁਪਏ ਪ੍ਰਤੀ ਦਿਨ ਕਰ ਦਿੱਤੀ ਗਈ ਹੈ, ਜੋ ਪਹਿਲਾਂ 200 ਰੁਪਏ ਰੋਜ਼ਾਨਾ ਹੁੰਦੀ ਸੀ। ਆਮ ਵਿਅਕਤੀਆਂ ਲਈ ਇਕ ਕਮਰੇ ਦਾ ਪ੍ਰਤੀ ਦਿਨ ਕਿਰਾਇਆ ਦੋ ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਜਦੋਂ ਕਿ ਪਹਿਲਾਂ ਸਿਰਫ਼ 1300 ਰੁਪਏ ਦੇਣੇ ਪੈਂਦੇ ਸਨ।