ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਚੰਡੀਗੜ੍ਹ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਨਾਲ-ਨਾਲ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਕਰੋਨਾ ਕਰਕੇ ਪਿਛਲੇ 5 ਦਿਨਾਂ ਵਿੱਚ 50 ਵਿਅਕਤੀਆਂ ਦੀ ਮੌਤ ਹੋਈ ਹੈ। ਉੱਧਰ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਕਰਕੇ ਇੰਡਸਟਰੀਅਲ ਏਰੀਆ ਸ਼ਮਸ਼ਾਨਘਾਟ ਵਿੱਚ ਸਸਕਾਰ ਕਰਨ ਲਈ ਲੋਕਾਂ ਨੂੰ ਲਾਈਨ ਵਿੱਚ ਲੱਗਣਾ ਪੈਂਦਾ ਹੈ ਜਿੱਥੇ ਅੱਜ ਇਕ ਦਿਨ ਵਿੱਚ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਦੇ ਸਸਕਾਰ ਕੀਤੇ ਗਏ।
ਇੰਡਸਟਰੀਅਲ ਏਰੀਆ ਵਿੱਚ ਸਸਕਾਰ ਲਈ 25 ਥਾਵਾਂ ਬਣਾਈ ਗਈਆਂ ਹਨ ਜਿਨ੍ਹਾਂ ਵਿੱਚੋਂ ਸਿਰਫ਼ 6 ’ਤੇ ਸ਼ੈੱਡ ਲੱਗੇ ਹੋਏ ਹਨ। ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਇਸ ਕਰਕੇ ਸ਼ਮਸ਼ਾਨਘਾਟ ਵਿੱਚ ਰੋਜ਼ਾਨਾ ਇਕ ਦਰਜਨ ਤੋਂ ਵੱਧ ਲੋਕਾਂ ਦੇ ਸਸਕਾਰ ਕੀਤੇ ਜਾ ਰਹੇ ਹਨ। ਸ਼ੈੱਡਾਂ ਦੀ ਘਾਟ ਨੂੰ ਦੇਖਦਿਆਂ ਸ਼ਮਸ਼ਾਨਘਾਟ ਮੈਨੇਜਮੈਂਟ ਕਮੇਟੀ ਵੱਲੋਂ ਤੁਰੰਤ ਹੋਰ ਸ਼ੈੱਡ ਲਗਾਉਣ ਦਾ ਕਾਰਜ ਜ਼ੋਰਾਂ ’ਤੇ ਕੀਤਾ ਜਾ ਰਿਹਾ ਹੈ।
ਕਰੋਨਾ ਮਰੀਜ਼ਾਂ ਦਾ ਵੱਡੀ ਗਿਣਤੀ ਵਿੱਚ ਸਸਕਾਰ ਇੰਡਸਟਰੀਅਲ ਏਰੀਆ ਵਿੱਚ ਕੀਤਾ ਜਾ ਰਿਹਾ ਹੈ। ਜਿੱਥੇ ਸਿਹਤ ਵਿਭਾਗ ਦੇ ਮੁਲਾਜ਼ਮ ਮ੍ਰਿਤਕਾਂ ਦੀ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਲਿਆਂਦੇ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਪੀਪੀਈ ਕੀਟਾਂ ਪਵਾਂ ਕੇ ਸਸਕਾਰ ਕਰਵਾਇਆ ਜਾਂਦਾ ਹੈ। ਰੋਜ਼ਾਨਾ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਸਕਾਰ ਹੋਣ ਕਰਕੇ ਲੱਕੜ ਵੀ ਕੁਇੰਟਲਾਂ ਵਿੱਚ ਲੱਗ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਇੰਡਸਟਰੀਅਲ ਏਰੀਆ ਵਿੱਚ 4-5 ਸਸਕਾਰ ਰੋਜ਼ਾਨਾ ਹੁੰਦੇ ਸੀ ਅਤੇ ਹੁਣ ਤਿੰਨ ਗੁਣਾ ਗਿਣਤੀ ਵਧ ਗਈ ਹੈ। ਜਿਸ ਨਾਲ ਲੱਕੜ ਵੀ ਪਹਿਲਾਂ ਨਾਲੋਂ ਤਿੰਨ ਗੁਣਾ ਵਧ ਲੱਗ ਰਹੀ ਹੈ। ਪ੍ਰਸ਼ਾਸਨ ਵੱਲੋਂ ਕਰੋਨਾ ਮਰੀਜ਼ਾਂ ਦਾ ਸਸਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਸਕਾਰ ਵਿੱਚ 20 ਬੰਦਿਆਂ ਨੂੰ ਆਉਣ ਦੀ ਹੀ ਪ੍ਰਵਾਨਗੀ ਦਿੱਤੀ ਗਈ ਹੈ।