ਪੰਚਕੂਲਾ: ਪੰਚਕੂਲਾ ਵਿੱਚ ਕਰੀਬ ਨੌ ਮਹੀਨਿਆਂ ਬਾਅਦ ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵਾਸਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਨਾਲ ਸਕੂਲਾਂ ਵਿੱਚ ਰੌਣਕਾਂ ਰਹੀਆਂ। ਪੰਚਕੂਲਾ ਦੇ ਸੈਕਟਰ-12 ਦੇ ਬ੍ਰਿਟਿਸ਼ ਸਕੂਲ ਵਿੱਚ ਵੀ ਬੱਚਿਆਂ ਦੀ ਰੌਣਕ ਰਹੀ। ਭਾਵੇਂ ਬੱਚਿਆਂ ਦੀ ਗਿਣਤੀ 30 ਫ਼ੀਸਦ ਹੀ ਸੀ। ਸਕੂਲ ਦੀ ਡਾਇਰੈਕਟਰ ਗੀਤੀਕਾ ਸੇਠੀ ਨੇ ਦੱਸਿਆ ਕਿ ਜਿਹੜੇ ਬੱਚੇ ਸਕੂਲ ਵਿੱਚ ਆਏ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਅਤੇ ਮਾਸਕ ਪਹਿਨਾਏ ਗਏ। ਸਰਕਾਰੀ ਸਕੂਲਾਂ ਵਿੱਚ ਵੀ ਪਹਿਲੇ ਦਿਨ ਸਕੂਲ ਆਉਂਦੇ ਹੀ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ। -ਪੱਤਰ ਪ੍ਰੇਰਕ