ਹਰਜੀਤ ਸਿੰਘ
ਡੇਰਾਬੱਸੀ, 20 ਫਰਵਰੀ
ਹਲਕਾ ਡੇਰਾਬੱਸੀ ਵਿੱਚ ਵੋਟਿੰਗ ਦੌਰਾਨ ਸਾਲ 2017 ਦੇ ਮੁਕਾਬਲੇ ਵੋਟਰਾਂ ਦਾ ਜੋਸ਼ ਠੰਢਾ ਦੇਖਣ ਨੂੰ ਮਿਲਿਆ। ਹਲਕੇ ਵਿੱਚ 61.7 ਪ੍ਰਤੀਸ਼ਤ ਦੇ ਕਰੀਬ ਵੋਟਾਂ ਪੋਲ ਹੋਈਆਂ ਜਦਕਿ ਚੋਣਾਂ ਦੌਰਾਨ ਪੂਰੇ ਹਲਕੇ ਵਿੱਚ ਸ਼ਾਂਤੀ ਬਣੀ ਰਹੀ। ਚੋਣਾਂ ਦੌਰਾਨ ਪਿੰਡ ਛੱਤ ਵਿੱਚ ਵੋਟਾਂ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਵੋਟਰਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਨ ਨੂੰ ਲੈ ਕੇ ਤਕਰਾਰ ਹੋ ਗਈ ਜਦਕਿ ਪੁਲੀਸ ਨੇ ਸਥਿਤੀ ਸੰਭਾਲ ਲਈ। ਬਲਟਾਣਾ ਖੇਤਰ ਵਿੱਚ ਕਾਂਗਰਸੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਕਾਰ ਕਈ ਵਾਰ ਤਕਰਾਰ ਹੋਈ ਪਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਬਲਟਾਣਾ ਵਿੱਚ ਕਾਂਗਰਸ ਦੀ ਕੌਂਸਲਰ ਨੇਹਾ ਸ਼ਰਮਾ ਨੇ ਦੋਸ਼ ਲਾਇਆ ਉਸਦੀ ਵੋਟ ਕੱਟ ਦਿੱਤੀ ਗਈ ਹੈ ਜੋ ਵਿਰੋਧੀ ਧਿਰ ਅਕਾਲੀ ਦਲ ਦੀ ਸ਼ਰਾਰਤ ਹੈ। ਬਲਟਾਣਾ ਵਿੱਚ ਸਵੇਰ ਵੇਲੇ ਪੋਲਿੰਗ ਏਜੰਟ ਬਿਠਾਉਣ ਨੂੰ ਵੀ ਲੈ ਕੇ ਦੋਵਾਂ ਆਗੂਆਂ ਵਿਚਕਾਰ ਤਕਰਾਰ ਹੋਈ। ਪੁਲੀਸ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਿਆ। ਚੋਣਾਂ ਖ਼ਤਮ ਹੋਣ ਵੇਲੇ ਪਿੰਡ ਲੋਹਗੜ੍ਹ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਤਕਰਾਰ ਹੋ ਗਈ। ਇੱਥੇ ਆਮ ਆਦਮੀ ਪਾਰਟੀ ਵੱਲੋਂ ਚਾਰ ਪਰਵਾਸੀ ਵਿਅਕਤੀਆਂ ਨੂੰ ਕਾਬੂ ਕਰ ਕੇ ਦੋਸ਼ ਲਾਇਆ ਕਿ ਉਹ ਜਾਅਲੀ ਵੋਟ ਪਾਉਣ ਲਈ ਜਾ ਰਹੇ ਸਨ। ਮੌਕੇ ’ਤੇ ਸਥਿਤੀ ਤਣਾਅਪੂਰਨ ਹੋ ਗਈ ਪਰ ਪੁਲੀਸ ਨੇ ਚਾਰੇ ਜਣਿਆਂ ਨੂੰ ਕਾਬੂ ਕਰ ਸਥਿਤੀ ਨੂੰ ਸੰਭਾਲਿਆ। ਰਿਟਰਨਿੰਗ ਅਫ਼ਸਰ-ਕਮ- ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਚੋਣਾਂ ਅਮਨ ਅਮਾਨ ਨਾਲ ਨਬਿੜ ਗਈਆਂ।