ਮਿਹਰ ਸਿੰਘ
ਕੁਰਾਲੀ, 19 ਜੁਲਾਈ
ਸਿਆਲਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿੱਚ ਅਧਿਆਪਕਾਂ ਮਹਾਂਦੇਵ ਸਿੰਘ ਅਤੇ ਕੰਮਪ੍ਰੀਤ ਕੌਰ ਵੱਲੋਂ ਪ੍ਰਿੰਸੀਪਲ ਗੁਰਸ਼ੇਰ ਸਿੰਘ ਬਰਾੜ ਦੀ ਅਗਵਾਈ ਹੇਠ ਲਾਇਬ੍ਰੇਰੀ ਲੰਗਰ ਲਾਇਆ ਗਿਆ। ਪ੍ਰਿੰਸੀਪਲ ਗੁਰਸ਼ੇਰ ਸਿੰਘ ਬਰਾੜ ਨੇ ਦੱਸਿਆ ਕਿ ਕਿਤਾਬਾਂ ਦਾ ਲੰਗਰ ਜਨਤਕ ਥਾਵਾਂ ਤੇ ਧਾਰਮਿਕ ਸੰਸਥਾਵਾਂ ਵਿੱਚ ਵੀ ਲਾਇਆ ਗਿਆ। ਇਸੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਪ੍ਰਿੰਸੀਪਲ ਚਰਨਜੀਤ ਕੌਰ, ਸਿੰਘਪੁਰਾ ਸਕੂਲ ਵਿੱਚ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਅਤੇ ਮੁੰਧੋਂ ਸੰੰਗਤੀਆਂ ਵਿੱਚ ਲਾਇਬ੍ਰੇਰੀ ਲੰਗਰ ਲਾਏ ਗਏ। ਇਲਾਕੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਲਾਇਬ੍ਰੇਰੀ ਲੰਗਰ ਲਾਏ ਗਏ।
ਬਨੂੜ (ਪੱਤਰ ਪ੍ਰੇਰਕ): ਇਸ ਖੇਤਰ ਦੇ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਵਿੱਚ ਅੱਜ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਵੱਖ-ਵੱਖ ਸਕੂਲਾਂ ਵਿੱਚ ਲਾਇਬ੍ਰੇਰੀਆਂ ਵਿੱਚ ਪਈਆਂ ਪੁਸਤਕਾਂ ਦੇ ਸਟਾਲ ਲਗਾਏ ਗਏ। ਇਨ੍ਹਾਂ ਦਾ ਉਦਘਾਟਨ ਪਿੰਡਾਂ ਦੇ ਸਰਪੰਚਾਂ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਪ੍ਰਧਾਨਾਂ ਤੇ ਹੋਰ ਪਤਵੰਤਿਆਂ ਨੇ ਕੀਤਾ। ਸਕੂਲੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਆਮ ਲੋਕਾਂ ਨੇ ਵੀ ਕਿਤਾਬਾਂ ਦੇ ਸਟਾਲਾਂ ਉੱਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਸਨੇਟਾ ਸਕੂਲ ਵਿੱਚ ਵੀ ‘ਕਿਤਾਬਾਂ ਦਾ ਲੰਗਰ’
ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਸਰਕਾਰੀ ਹਾਈ ਸਮਾਰਟ ਸਕੂਲ ਸਨੇਟਾ ਦੇ ਅਧਿਆਪਕਾਂ ਵੱਲੋਂ ਮੁੱਖ ਅਧਿਆਪਕਾ ਸੁਭਵੰਤ ਕੌਰ ਦੀ ਅਗਵਾਈ ਹੇਠ ਕਿਤਾਬਾਂ ਦਾ ਲੰਗਰ ਲਾਇਆ ਗਿਆ। ਅਧਿਆਪਕਾਂ ਨੇ ਪਿੰਡ ਸਨੇਟਾ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਕਿਤਾਬਾਂ ਦਾ ਲੰਗਰ ਲਾਇਆ। ਮੁੱਖ ਅਧਿਆਪਕਾ ਸੁਭਵੰਤ ਕੌਰ ਨੇ ਦੱਸਿਆ ਕਿ ਇਸ ਵਾਰ ਕਰੋਨਾ ਸੰਕਟ ਕਾਰਨ ਸਕੂਲ ਬੰਦ ਹੋਣ ਕਾਰਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰੋਂ-ਘਰੀਂ ਪੁਸਤਕਾਂ ਪਹੁੰਚਾਉਣ ਲਈ ਜ਼ਿਲ੍ਹਾ ਵਾਰ ਕਿਤਾਬਾਂ ਦੇ ਲੰਗਰ ਲਾਏ ਗਏ ਹਨ। ਇਸ ਮੌਕੇ ਸਰਪੰਚ ਭਗਤ ਰਾਮ, ਪੰਚ ਬੰਤ ਸਿੰਘ ਅਤੇ ਕਈ ਹੋਰ ਮੋਹਤਬਰ ਹਾਜ਼ਰ ਸਨ।