ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਨਵੰਬਰ
ਕਰੋਨਾਵਾਇਰਸ ਕਰ ਕੇ ਚੰਡੀਗੜ੍ਹ ’ਚ 26 ਮਾਰਚ ਤੋਂ ਬੰਦ ਪਏ ਆਈਲੈਟਸ ਇੰਸਟੀਚਿਊਟ ਦਾ ਕੰਮਕਾਜ ਠੱਪ ਹੋ ਗਿਆ ਹੈ, ਜਿਸ ਕਰ ਕੇ ਆਈਲੈਟਸ ਇੰਸਟੀਚਿਊਟ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਤੋਂ ਹੱਥ ਗੁਆਉਣਾ ਪਿਆ ਹੈ। ਆਈਲੈਟਸ ਇੰਸਟੀਚਿਊਟ ’ਚ ਕੰਮ ਕਰਨ ਵਾਲੀ ਔਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਈਲੈਟਸ ਇੰਸਟੀਚਿਊਟ ਖੋਲ੍ਹਣ ਦੀ ਮੰਗ ਕੀਤੀ ਹੈ। ਔਰਤ ਨੇ ਪੱਤਰ ਵਿੱਚ ਲਿਖਿਆ ਕਿ ਚੰਡੀਗੜ੍ਹ ਵਿੱਚ 26 ਮਾਰਚ ਤੋਂ ਆਈਲੈਟਸ ਇੰਸਟੀਚਿਊਟ ਬੰਦ ਪਏ ਹਨ, ਜਿਸ ਕਰ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜੋ ਕੁਝ ਲੋਕ ਕੰਮ ਕਰ ਰਹੇ ਹਨ ਉਹ ਪਹਿਲਾਂ ਨਾਲੋਂ ਘੱਟ ਤਨਖਾਵਾਂ ’ਤੇ ਕੰਮ ਕਰਨ ਲਈ ਮਜਬੂਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਆਈਲੈਟਸ ਇੰਸਟੀਚਿਊਟ ਨਾ ਖੋਲ੍ਹੇ ਗਏ ਤਾਂ ਮੁਲਾਜ਼ਮਾਂ ਨੂੰ ‘ਕਾਲੀ ਦੀਵਾਲੀ’ ਮਨਾਉਣ ਲਈ ਮਜਬੂਰ ਹੋਣਾ ਪਵੇਗਾ। ਚੰਡੀਗੜ੍ਹ ਦੀ ਵਸਨੀਕ ਔਰਤ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਰਾਹੀਂ ਦੱਸਿਆ ਕਿ ਚੰਡੀਗੜ੍ਹ ਵਿੱਚ ਸਕੂਲ/ਕਾਲਜ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਪਰ ਆਈਲੈਟਸ ਇੰਸਟੀਚਿਊਟ ਨਹੀਂ ਖੋਲ੍ਹੇ ਗਏ ਹਨ।