ਹਰਜੀਤ ਸਿੰਘ
ਡੇਰਾਬੱਸੀ, 28 ਅਗਸਤ
ਇਥੋਂ ਦੇ ਪਿੰਡ ਅਮਲਾਲਾ ਵਿਖੇ ਬੀਤੇ ਦਿਨੀ ਦੇਰ ਰਾਤ ਇਕ ਤੇਂਦੂਆਂ ਦਿਸਣ ਮਗਰੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜੰਗਲੀ ਜੀਵ ਵਿਭਾਗ ਨੇ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਤੇਂਦੂਏ ਨੂੰ ਫੜਨ ਲਈ ਇਕ ਪਿੰਜਰਾ ਲਗਾ ਦਿੱਤਾ ਹੈ। ਪਰ ਬਾਵਜੂਦ ਇਸ ਦੇ ਐਤਵਾਰ ਛੁੱਟੀ ਵਾਲੇ ਦਿਨ ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ਵਿੱਚ ਡੱਕੇ ਰਹੇ। ਪਿੰਡ ਅਮਲਾਲਾ ਅਤੇ ਨੇੜਲੇ ਪਿੰਡਾਂ ਵਿੱਚ ਤੇਂਦੁੂਏ ਦੀ ਹੀ ਚਰਚਾ ਹੁੰਦੀ ਰਹੀ। ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਇਕ ਨੌਜਵਾਨ ਕਰਨ ਸਿੰਘ ਨੇ ਲੰਘੀ ਦੇਰ ਸ਼ਾਮ ਪਿੰਡ ਦੇ ਬਾਹਰਲੇ ਪਾਸੇ ਇਕ ਤੇਂਦੁੂਆ ਦੇਖਿਆ। ਕਰਨ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਡੇਰਾਬੱਸੀ ਤੋਂ ਆਪਣੇ ਪਿੰਡ ਪਰਤ ਰਿਹਾ ਸੀ। ਇਸ ਦੌਰਾਨ ਉਸ ਨੇ ਪਿੰਡ ਦੀ ਬਾਹਰਲੀ ਸੜਕ ਤੋਂ ਤੇਂਦੁੂਏ ਨੂੰ ਬੀੜ ਵਿੱਚ ਵੜਦੇ ਦੇਖਿਆ। ਉਸ ਨੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ। ਪਿੰਡ ਦੇ ਸਰਪੰਚ ਬਲਿਹਾਰ ਸਿੰਘ ਬੱਲੀ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪਿੰਡ ਦੇ ਗੁਰਦੁਆਰੇ ਤੋਂ ਅਨਾਉਸਮੈਂਟ ਕਰਵਾ ਕੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਬਾਹਰ ਨਿਕਲਣ ਵਾਲਿਆਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਜੰਗਲੀ ਜੀਵ ਵਿਭਾਗ ਵੱਲੋਂ ਤੇਂਦੁੂਏ ਨੂੰ ਫੜਨ ਲਈ ਪਿੰਡ ਦੀ ਬੀੜ ਦੇ ਨੇੜੇ ਇਕ ਪਿੰਜਰਾ ਲਾ ਦਿੱਤਾ ਹੈ। ਇਹ ਪਿੰਡ ਛੱਤਬੀੜ ਚਿੜੀਆਘਰ ਦੇ ਨਾਲ ਜੁੜਦਾ ਹੈ।