ਪੱਤਰ ਪ੍ਰੇਰਕ
ਚੰਡੀਗੜ੍ਹ, 9 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਦੇ ਲਾਇਬ੍ਰੇਰੀ ਮੈਦਾਨ ਵਿੱਚ ਕੌਮਾਂਤਰੀ ਮਜ਼ਦੂਰ ਔਰਤ ਦਿਵਸ ਨੂੰ ਸਮਰਪਿਤ ‘ਔਰਤਾਂ ਦੀ ਦਸ਼ਾ ਤੇ ਮੁਕਤੀ ਦਾ ਰਾਹ’ ਵਿਸ਼ੇ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਲੈਕਚਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥੀ ਤੇ ਜਥੇਬੰਦੀ ਦੇ ਸੂਬਾਈ ਆਗੂ ਸ੍ਰਿਸ਼ਟੀ ਮੁੱਖ ਬੁਲਾਰੇ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਅਮਨਦੀਪ ਕੌਰ ਨੇ ਕੀਤਾ। ਸਾਰਾਹ ਤੇ ਰੁਪਿੰਦਰ ਵੱਲੋਂ ਗੀਤ ਪੇਸ਼ ਕੀਤੇ ਗਏ। ਪੀਐੱਸਯੂ (ਲਲਕਾਰ) ਦੇ ਆਗੂ ਅਮਨਦੀਪ ਨੇ ਦੱਸਿਆ ਕਿ ਇਸ ਦਿਨ ਦਾ ਜੁਝਾਰੂ ਇਹਿਤਾਸ ਸਾਨੂੰ ਇਹੀ ਪ੍ਰੇਰਣਾ ਦਿੰਦਾ ਹੈ ਕਿ ਇਸ ਹਾਲਤ ਨੂੰ ਚੁੱਪ-ਚਾਪ ਬਰਦਾਸ਼ਤ ਨਾ ਕੀਤਾ ਜਾਵੇ ਸਗੋਂ ਇਸਨੂੰ ਬਦਲਣ ਲਈ ਸੰਘਰਸ਼ ਕੀਤਾ ਜਾਵੇ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡਾਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਪੁਲੀਸ ਥਾਣਾ ਮੁੱਲਾਂਪੁਰ ਗ਼ਰੀਬਦਾਸ ਵਿਖੇ ਥਾਣਾ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਅਰੋੜਾ ਨੇ ਸ਼ਿਰਕਤ ਕੀਤੀ। ਪਿੰਡ ਹੁਸ਼ਿਆਰਪੁਰ ਵਿੱਚ ਰੂਪਚੰਦ ਸਿਸੋਦੀਆ ਅਤੇ ਸਰਪੰਚ ਗੁਰਮੇਲ ਸਿੰਘ ਵੱਲੋਂ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਪਿੰਡ ਪੜੌਲ ਤੇ ਮੁੱਲਾਂਪੁਰ ਗ਼ਰੀਬਦਾਸ ਵਿਖੇ ਇੱਟ ਭੱਠਿਆਂ ’ਤੇ ਮਜ਼ਦੂਰੀ ਕਰ ਰਹੀਆਂ ਮਹਿਲਾ ਦਿਵਸ ਤੋਂ ਅਣਜਾਣ ਔਰਤਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸੀਨੀਅਰ ਕਾਂਗਰਸੀ ਆਗੂ ਤੇਜੀ ਬਾਜਵਾ ਪੜੌਲ ਨੇ ਪਰਵਾਸੀ ਮਹਿਲਾਵਾਂ ਦਾ ਸਨਮਾਨ ਕੀਤਾ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਰਿਮਟ ਸਕੂਲ ਆਫ਼ ਐਜੂਕੇਸ਼ਨ ਐਡ ਸਕੂਲ ਆਫ਼ ਲੀਗਲ ਸਟੱਡੀਜ਼ ਵਿਚ ਅੰਤਰ ਰਾਸਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕਾਨੂੰਨੀ ਅਧਿਐਨ ਦੇ ਵਿਦਿਆਰਥੀਆਂ ਨੇ ਕੇਂਦਰੀ ਜੇਲ੍ਹ ਵਿਚ ਇੱਕ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ।
ਉੱਦਮੀ ਮਹਿਲਾਵਾਂ ਦਾ ਸਨਮਾਨ
ਬਨੂੜ (ਪੱਤਰ ਪ੍ਰੇਰਕ): ਪਿੰਡ ਸਨੇਟਾ ਵਿਖੇ ਗੋਇਲ ਇੰਸਟੀਚਿਊਟ ਵੱਲੋਂ ਊਸ਼ਾ ਵੈੱਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸੁਸਾਇਟੀ ਮੁਖੀ ਸਵਾਤੀ ਗੋਇਲ, ਖਜ਼ਾਨਚੀ ਸਜਨਾ ਸ਼ਾਹ, ਫ਼ੀਡ ਦਿ ਸੋਲ ਦੀ ਮੁਖੀ ਸੋਨੀਆ ਵਧਵਾ, ਸਾਬਕਾ ਸਰਪੰਚ ਅੰਮ੍ਰਿਤਾ ਦੇਵੀ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਹੋਣਹਾਰ ਵਿਦਿਆਰਥਣਾਂ ਅਤੇ ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਵੰਡੇ ਗਏ ਅਤੇ ਮਹਿਲਾ ਦਿਵਸ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ। ਇਸੇ ਤਰ੍ਹਾਂ ਖੇੜੀ ਗੁਰਨਾ ਦੇ ਜੀਜੀਡੀ ਐੱਸਡੀ ਕਾਲਜ ਵਿੱਚ ਪ੍ਰਿੰਸੀਪਲ ਰਮਾ ਅਰੋੜਾ ਦੀ ਅਗਵਾਈ ਹੇਠ ਮਹਿਲਾ ਦਿਵਸ ਮਨਾਇਆ ਗਿਆ।
ਬੀਐੱਸਐੱਫ ਦੀਆਂ ਮਹਿਲਾ ਜਵਾਨਾਂ ਨੇ ਮੋਟਰਸਾਈਕਲ ਰੈਲੀ ਕੱਢੀ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸੀਮਾ ਸੁਰੱਖਿਆ ਬਲ (ਬੀਐੱਸਐੱਫ) ਲਖਨੌਰ ਕੈਂਪਸ (ਮੁਹਾਲੀ) ਦੀਆਂ ਮਹਿਲਾ ਜਵਾਨਾਂ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਮਹਿਲਾ ਸ਼ਸ਼ਕਤੀਕਰਨ’ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ਫਲੈਗ ਆਫ਼ ਸਮਾਗਮ ਕਰਵਾਇਆ ਗਿਆ। ਇਸੇ ਦੌਰਾਨ ‘ਸੀਮਾ ਭਿਵਾਨੀ’ ਨਾਮ ਦੀ ਜਾਣੀ ਜਾਂਦੀ ਚਾਲੀ ਮੋਟਰਸਾਈਕਲ ਸਵਾਰਾਂ ਦੀ ਇੱਕ ਰੈਲੀ ਨਵੀਂ ਦਿੱਲੀ ਤੋਂ ਇੱਥੇ ਪਹੁੰਚੀ ਜਿਸ ਦਾ ਮੁੱਖ ਉਦੇਸ਼ ‘ਮਹਿਲਾ ਸ਼ਸ਼ਕਤੀਕਰਨ’ ਦੇ ਗੌਰਵ ਨੂੰ ਪ੍ਰਫੁੱਲਤ ਕਰਨਾ ਹੈ।