ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਅਕਤੂਬਰ
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੇ ਬਾਹਰ ਸੀਵਰੇਜ ’ਤੇ ਢੱਕਣ ਨਾ ਹੋਣ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਸਿੱਖਿਆ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਆਗੂ ਹਰਨੇਕ ਸਿੰਘ ਮਾਵੀ ਨੇ ਦੱਸਿਆ ਕਿ ਪਿਛਲੇ ਦਿਨੀਂ ਧਰਨਾ ਪ੍ਰਦਰਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾਣ ਸਮੇਂ ਇਸ ਖੱਡੇ ਵਿੱਚ ਡਿੱਗ ਕੇ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਆਗੂ ਗੁਰਵਿੰਦਰ ਸਿੰਘ ਦੀ ਲੱਤ ਟੁੱਟ ਗਈ ਅਤੇ ਉਹ ਖ਼ੁਦ ਵੀ ਇਸ ਖੱਡੇ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ।
ਮੁਲਾਜ਼ਮ ਆਗੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖੁੱਲ੍ਹੇ ਪਏ ਮੈਨਹੋਲ ਨੂੰ ਤੁਰੰਤ ਢੱਕਿਆ ਜਾਵੇ।
ਉਧਰ, ਡੀਸੀ ਦਫ਼ਤਰ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕਿਸਾਨਾਂ ਦੇ ਮੋਹਰੀ ਆਗੂ ਰਣਬੀਰ ਸਿੰਘ ਗਰੇਵਾਲ ਅਤੇ ਗੁਰਮੁੱਖ ਸਿੰਘ ਨਿਊ ਲਾਂਡਰਾਂ ਨੇ ਕਿਹਾ ਕਿ ਉਹ ਵੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਖੱਡੇ ’ਤੇ ਢੱਕਣ ਰੱਖਣ ਦੀ ਗੁਹਾਰ ਲਗਾ ਚੁੱਕੇ ਹਨ ਲੇਕਿਨ ਹੁਣ ਤੱਕ ਇਸ ਖੁੱਲ੍ਹੇ ਮੇਨਹੋਲ ’ਤੇ ਢੱਕਣ ਨਹੀਂ ਰੱਖਿਆ ਜਾ ਸਕਿਆ। ਉਨ੍ਹਾਂ ਮੰਗ ਕੀਤੀ ਕਿ ਸੜਕ ਕਿਨਾਰੇ ਇਸ ਖੁੱਲ੍ਹੇ ਮੇਨਹੋਲ ਨੂੰ ਤੁਰੰਤ ਢਕਿਆ ਜਾਵੇ।