ਬਹਾਦਰਜੀਤ ਸਿੰਘ
ਰੂਪਨਗਰ, 6 ਅਗਸਤ
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਖਾਬੜਾ ਤੇ ਸਿੰਘ ਵਿਚ ਬਣਨ ਵਾਲੇ ਕਮਿਊਨਟੀ ਸੈਂਟਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 6 ਕਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ। ਹਰ ਕਮਿਊਨਿਟੀ ਸੈਂਟਰ ’ਤੇ ਤਕਰੀਬਨ 70 ਲੱਖ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ 5 ਕਮਿਊਨਿਟੀ ਸੈਂਟਰ ਹਲਕੇ ਦੇ ਪਿੰਡਾਂ ਵਿੱਚ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਬਣਨ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਕਿਉਂਕਿ ਵਿਆਹ ਸ਼ਾਦੀ ਤੋਂ ਇਲਾਵਾ ਕਿਸੇ ਵੀ ਹੋਰ ਘਰੇਲੂ ਪ੍ਰੋਗਰਾਮ ਕਰਨ ਸਬੰਧੀ ਉਨ੍ਹਾਂ ਨੂੰ ਮੈਰਿਜ ਪੈਲੇਸਾਂ ਵਿੱਚ ਲੱਖਾਂ ਰੁਪਏ ਖਰਚਣੇ ਪੈਂਦੇ ਸਨ, ਪਰ ਹੁਣ ਬਹੁਤ ਮਾਮੂਲੀ ਸਰਕਾਰੀ ਰੇਟ ’ਤੇ ਪਿੰਡ ਵਾਸੀ ਆਪਣੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਜਾਂ ਹੋਰ ਘਰੇਲੂ ਪ੍ਰੋਗਰਾਮ ਇਨ੍ਹਾਂ ਉੱਤਮ ਦਰਜੇ ਦੇ ਕਮਿਊਨਿਟੀ ਸੈਂਟਰਾਂ ਵਿੱਚ ਕਰ ਸਕਣਗੇ। ਇਨ੍ਹਾਂ ਕਮਿਊਨਟੀ ਸੈਂਟਰਾਂ ਵਿੱਚ 500 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਕਮਿਊਨਿਟੀ ਸੈਂਟਰ ਮੋਰਿੰਡਾ ਸ਼ਹਿਰ ਵਿੱਚ 2 ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਰੂਪਨਗਰ ਗੁਰਵਿੰਦਰ ਸਿੰਘ ਜੌਹਲ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪੰਜਾਬ ਲਾਰਜ ਇੰਡਸਟੀਰੀਅਲ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਪਵਨ ਦੀਵਾਨ, ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਖਾਬੜਾ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ, ਸਿੰਘ ਪਿੰਡ ਦੇ ਸਰਪੰਚ ਮੇਹਰ ਸਿੰਘ ਵੀ ਹਾਜ਼ਰ ਸਨ।