ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਦਸੰਬਰ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਲਾਂਡਰਾ ਤੇ ਨਿਊ ਲਾਂਡਰਾ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਗਰਾਂਟਾਂ ਦੇ ਚੈੱਕ ਵੰਡੇ। ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਸ੍ਰੀ ਸਿੱਧੂ ਨੇ ਪਿੰਡ ਨਿਊ ਲਾਂਡਰਾ ਦੇ ਵਿਕਾਸ ਲਈ 14 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਸ ਰਾਸ਼ੀ ’ਚੋਂ 9 ਲੱਖ ਰੁਪਏ ਨਾਲ ਆਂਗਨਵਾੜੀ ਸੈਂਟਰ ਦੀ ਉਸਾਰੀ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦਾ ਨਿਕਾਸੀ ਲਈ ਨਾਲਾ ਬਣਾਇਆ ਜਾਵੇਗਾ। ਇੰਜ ਹੀ ਪਿੰਡ ਲਾਂਡਰਾ ਵਿੱਚ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਬਲਬੀਰ ਸਿੱਧੂ ਨੇ ਐਲਾਨ ਕੀਤਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਲੇਬਰਫੈੱਡ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾਂ, ਸਤਵੰਤ ਕੌਰ ਮੈਂਬਰ ਬਲਾਕ ਸਮਿਤੀ ਹਾਜ਼ਰ ਸਨ।