ਪੱਤਰ ਪ੍ਰੇਰਕ
ਬਨੂੜ, 23 ਅਪਰੈਲ
ਸਿਹਤ ਵਿਭਾਗ ਨੇ ਮਲੇਰੀਆ, ਡੇਂਗੂ ਅਤੇ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਪਿੰਡ ਪੱਧਰੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਪਿੰਡ ਹੁਲਕਾ, ਧਰਮਗੜ੍ਹ ਅਤੇ ਰਾਜੋਮਾਜਰਾ ਵਿੱਚ ਇਸ ਸਬੰਧੀ ਕੈਂਪ ਲਗਾਏ ਗਏ।
ਸਾਰੀਆਂ ਥਾਵਾਂ ਤੇ ਵਿਦਿਆਰਥੀਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਮੱਛਰਾਂ ਤੋਂ ਬਚਾਅ ਲਈ ਜਾਗਰੂਕ ਕੀਤਾ। ਹੁਲਕਾ ਵਿਖੇ ਸੈਨੇਟਰੀ ਇੰਸਪੈਕਟਰ ਗੁਰਵਿੰਦਰਜੀਤ ਸਿੰਘ, ਦਿਨੇਸ਼ ਚੌਧਰੀ, ਸਿਹਤ ਕਰਮਚਾਰੀ ਰਘਵੀਰ ਸਿੰਘ ਚਾਉਮਾਜਰਾ ਅਤੇ ਪਿੰਡ ਧਰਮਗੜ੍ਹ ਤੇ ਰਾਜੋਮਾਜਰਾ ਵਿਖੇ ਸੀਐੱਚਓ ਜੈ ਪ੍ਰੀਤ ਕੌਰ, ਸਿਹਤ ਵਰਕਰ ਗੁਰਦੀਪ ਸਿੰਘ, ਏਐੱਨਐੱਮ ਗਗਨਦੀਪ ਕੌਰ, ਆਸ਼ਾ ਫੈਸਿਲੀਟੇਟਰ ਰੁਪਿੰਦਰ ਕੌਰ, ਆਸ਼ਾ ਵਰਕਰਾਂ ਸੀਮਾ, ਊਸ਼ਾ ਅਤੇ ਇੰਦਰਾ ਰਾਣੀ ਦੀ ਅਗਵਾਈ ਹੇਠ ਘਰ-ਘਰ ਜਾ ਕੇ ਮਲੇਰੀਆ ਤੋਂ ਬਚਾਅ ਅਤੇ ਸਾਵਧਾਨੀਆਂ ਲਈ ਪੋਸਟਰ ਵੀ ਵੰਡੇ ਗਏ। ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦੇਣ, ਕੂਲਰਾਂ ਦਾ ਪਾਣੀ ਲਗਾਤਾਰ ਬਦਲਦੇ ਰਹਿਣ, ਖੁੱਲ੍ਹੀਆਂ ਵਸਤਾਂ ਨਾ ਖਾਣ, ਪੂਰੇ ਸਰੀਰ ਨੂੰ ਢਕ ਕੇ ਰੱਖਣ ਅਤੇ ਮੱਛਰਦਾਨੀ ਲਾ ਕੇ ਸੌਣ ਦੀ ਸਲਾਹ ਦਿੱਤੀ।
ਡੇਰਾਬੱਸੀ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਮੈਡੀਕਲ ਅਫਸਰ ਡਾ. ਸਗੀਤਾ ਜੈਨ ਦੀ ਅਗਵਾਈ ਹੇਠ ਅਤੇ ਨਗਰ ਕੌਂਸਲ ਡੇਰਾਬੱਸੀ ਦੇ ਸਹਿਯੋਗ ਨਾਲ ਅੱਜ ਵਿਸ਼ਵ ਮਲੇਰੀਆ ਰੋਕੂ ਦਿਵਸ ਮਨਾਇਆ ਗਿਆ। ਡਾ. ਸੰਦੀਪ ਟੰਡਨ ਨੇ ਆਸ਼ਾ ਵਰਕਰਾਂ ਦੀ ਮਲੇਰੀਆ ਸਬੰਧੀ ਜਾਗਰੂਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਮਲੇਰੀਆ ਤੋਂ ਬਚਣ ਸਬੰਧੀ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਪੋਸਟਰ ਅਤੇ ਪੈਂਫਲੇਟ ਵੀ ਵੰਡੇ। ਡਾ. ਸੰਦੀਪ ਟੰਡਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਏ ਦੇ ਖਾਤਮੇ ਲਈ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ।