ਸੰਜੀਵ ਬੱਬੀ
ਚਮਕੌਰ ਸਾਹਿਬ, 24 ਮਈ
ਕਸਬਾ ਲੁਠੇੜੀ ਵਿਖੇ ਪੁਲੀਸ ਅਤੇ ਡਰੱਗ ਇੰਸਪੈਕਟਰ ਦੇ ਸਾਂਝੇ ਅਪਰੇਸ਼ਨ ਦੌਰਾਨ ਸਤਨਾਮ ਮੈਡੀਕਲ ਸਟੋਰ ’ਤੇ ਮਾਰੇ ਛਾਪੇ ਦੌਰਾਨ ਸਰਕਾਰ ਵੱਲੋਂ ਬੈਨ ਕੀਤੀਆਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਫੜੀਆਂ ਹਨ। ਇੱਥੋਂ ਦੇ ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਲੁਠੇੜੀ ਦਾ ਮੈਡੀਕਲ ਸਟੋਰ ਮਾਲਕ ਅਮਰਜੀਤ ਸਿੰਘ ਜੋ ਕਿ ਨੇੜੇ ਹੀ ਇੱਕ ਨਰਸਿੰਗ ਹੋਮ ਵੀ ਚਲਾ ਰਿਹਾ ਹੈ ਤੇ ਨਰਸਿੰਗ ਹੋਮ ਵਿੱਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕਰਕੇ ਲੋਕਾਂ ਤੋਂ ਮੋਟੀ ਰਕਮ ਵਸੂਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੁਖੀ ਮੋਰਿੰਡਾ ਬਲਜਿੰਦਰ ਕੌਰ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਸਬੰਧੀ ਡਰੱਗ ਇੰਸਪੈਕਟਰ ਤਜਿੰਦਰ ਸਿੰਘ ਨਾਲ ਗੱਲ ਕਰਕੇ ਸਾਂਝੇ ਤੌਰ ’ਤੇ ਉਕਤ ਮੈਡੀਕਲ ਸਟੋਰ ਤੇ ਜਦੋਂ ਜਾਂਚ ਕੀਤੀ ਤਾਂ ਉੱਥੋਂ ਪਬੰਦੀਸ਼ੁਦਾ 35 ਸੌ ਦੇ ਕਰੀਬ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ। ਥਾਣਾ ਮੁਖੀ ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਮੈਡੀਕਲ ਸਟੋਰ ਦੇ ਮਾਲਕ ਅਮਰਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਡਰੱਗ ਇੰਸਪੈਕਟਰ ਵੱਲੋਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਕਤ ਮੈਡੀਕਲ ਸਟੋਰ ਕਈ ਸਾਲ ਪਹਿਲਾਂ ਨਸ਼ੀਲੀਆਂ ਦਵਾਈਆਂ ਦੇਣ ਸਬੰਧੀ ਵਿਵਾਦਾਂ ਵਿੱਚ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਵਿਰੁਧ ਧਰਨੇ ਮੁਜ਼ਾਹਰੇ ਵੀ ਕੀਤੇ ਗਏ ਸਨ।