ਪੱਤਰ ਪ੍ਰੇਰਕ
ਬਨੂੜ, 28 ਅਕਤੂਬਰ
ਭਾਰਤਮਾਲਾ ਸੜਕ ਪ੍ਰਾਜੈਕਟ ਅਧੀਨ ਦੈੜੀ ਚੌਕ ਤੋਂ ਕੁਰਾਲੀ ਤੱਕ ਬਣਨ ਵਾਲੇ 205 ਏ ਕੌਮੀ ਮਾਰਗ ਲਈ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਹੁਣ ਮੁੱਖ ਮੰਤਰੀ ਦੇ ਦਰਬਾਰ ਪਹੁੰਚ ਗਿਆ ਹੈ। ਮੁਹਾਲੀ ਤਹਿਸੀਲ ਦੇ ਸੱਤ ਪਿੰਡਾਂ ਦੇ ਕਿਸਾਨਾਂ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਓਐਸਡੀ ਜਸਵੀਰ ਸਿੰਘ ਨਾਲ ਮੁਲਾਕਾਤ ਕਰਕੇ ਮੁਹਾਲੀ ਤਹਿਸੀਲ ਦੇ ਪਿੰਡ ਨਗਾਰੀ ਦੀ ਤਰਜ਼ ਉੱਤੇ ਹੀ ਬਾਕੀ ਦੇ ਪਿੰਡਾਂ ਲਈ 4 ਕਰੋੜ 22 ਲੱਖ ਪ੍ਰਤੀ ਏਕੜ ਦਾ ਮੁਆਵਜ਼ਾ ਤੈਅ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ।
ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਗੋਬਿੰਦਗੜ੍ਹ, ਹਰਵਿੰਦਰ ਸਿੰਘ ਢੇਲਪੁਰ, ਮਨਪ੍ਰੀਤ ਸਿੰਘ ਗੁਡਾਣਾ, ਹਰਦੀਪ ਕੁਮਾਰ ਚਡਿਆਲਾ ਸੂਦਾਂ ਤੇ ਰਾਜ ਸਿੰਘ ਆਦਿ ਨੇ ਦੱਸਿਆ ਕਿ ਨਗਾਰੀ, ਗੀਗੇਮਾਜਰਾ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ, ਗਿੱਦੜਪੁਰ ਤੇ ਚਡਿਆਲਾ ਸੂਦਾਂ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਉਨ੍ਹਾਂ ਸੜਕ ਦੀ ਉਚਾਈ ਘੱਟ ਰੱਖਣ, ਟਿਊਬਵੈੱਲਾਂ, ਬੋਰਾਂ, ਪਾਈਪ ਲਾਈਨਾਂ ਤੇ ਪਾਣੀ ਦੀ ਨਿਕਾਸੀ ਦੇ ਮਾਮਲੇ ਹੱਲ ਕਰਾਉਣ ਦੀ ਮੰਗ ਵੀ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਓਐੱਸਡੀ ਨੇ ਜਲਦੀ ਹੀ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ ਹੈ।
ਕੈਪਸ਼ਨ; ਮੁੱਖ ਮੰਤਰੀ ਦੇ ਓਐਸਡੀ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ। ਫੋਟੋ: ਚਿੱਲਾ