ਕਰਮਜੀਤ ਸਿੰਘ ਚਿੱਲਾ
ਬਨੂੜ, 28 ਅਕਤੂਬਰ
ਪੰਜਾਬ ਸਰਕਾਰ ਵੱਲੋਂ ਮੇਰਾ ਘਰ-ਮੇਰੇ ਨਾਮ ਅਧੀਨ ਚਲਾਈ ਜਾ ਰਹੀ ‘ਸਵਾਮਿਤਵਾ’ ਸਕੀਮ ਅਧੀਨ ਲਾਲ ਲਕੀਰ ਦੇ ਅੰਦਰ ਬਣੀਆਂ ਹੋਈਆਂ ਉਸਾਰੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਪ੍ਰਾਜੈਕਟ ਆਰੰਭਿਆ ਗਿਆ ਹੈ। ਇਸ ਸਕੀਮ ਤਹਿਤ ਪੇਂਡੂ ਖੇਤਰਾਂ ਵਿੱਚ ਡਰੋਨ ਰਾਹੀਂ ਜ਼ਮੀਨ ਦੀ ਮੈਪਿੰਗ ਕੀਤੀ ਜਾ ਰਹੀ ਹੈ।
ਬਨੂੜ ਨੇੜਲੇ ਪਿੰਡ ਖਾਸਪੁਰ ਵਿੱਚ ਇਸ ਸਕੀਮ ਸਬੰਧੀ ਡਰੋਨ ਰਾਹੀਂ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਪੰਜਾਬ ਦੇ ਲੈਂਡ ਰਿਕਾਰਡਜ਼ ਅਥਾਰਿਟੀ ਦੇ ਡਾਇਰੈਕਟਰ ਰਾਜੇਸ਼ ਤ੍ਰਿਪਾਠੀ ਪਹੁੰਚੇ। ਉਨ੍ਹਾਂ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕੀਤੇ ਜਾ ਰਹੇ ਕੰਮ ਦਾ ਨਿਰੀਖ਼ਣ ਕੀਤਾ ਅਤੇ ਡਰੋਨ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਕੋਲੋਂ ਕੰਮ ਬਾਰੇ ਜਾਣਕਾਰੀ ਹਾਸਿਲ ਕੀਤੀ।
ਸ੍ਰੀ ਤ੍ਰਿਪਾਠੀ ਨੇ ਦੱਸਿਆ ਕਿ ਕੰਮ ਦੇ ਮੁਕੰਮਲ ਹੋਣ ਮਗਰੋਂ ਲਾਲ ਲਕੀਰ ਅਧੀਨ ਰਹਿੰਦੇ ਲੋਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ ਜਿਸ ਨਾਲ ਇਨ੍ਹਾਂ ਜਾਇਦਾਦਾਂ ਨੂੰ ਖਰੀਦੋ-ਫਰੋਖਤ ਕਰਨਾ ਅਤੇ ਰਿਕਾਰਡ ਦੀ ਸਾਂਭ-ਸੰਭਾਲ ਕਰਨੀ ਸੌਖੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲਕਾਨਾ ਹੱਕ ਮਿਲਣ ਨਾਲ ਮਾਲਕਾਂ ਨੂੰ ਬੈਂਕਾਂ ਵਿੱਚੋਂ ਕਰਜ਼ਾ ਲੈਣਾ ਵੀ ਆਸਾਨ ਹੋਵੇਗਾ ਅਤੇ ਜ਼ਮੀਨ ਦੀ ਮਲਕੀਅਤ ਸਬੰਧੀ ਪੈਦਾ ਹੁੰਦੇ ਝਗੜੇ ਵੀ ਖਤਮ ਹੋਣਗੇ। ਡਇਰੈਕਟਰ ਨੇ ਦੱਸਿਆ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇਏਪੀ ਸਿਨਹਾ ਲਗਾਤਾਰ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਬਹੁ-ਮੰਤਵੀ ਸਕੀਮ ਨੂੰ ਲਾਗੂ ਕਰਨ ਲਈ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੰਬਿਤ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪਿੰਡਾਂ ਦੀਆਂ ਪੰਚਾਇਤਾਂ, ਨੰਬਰਦਾਰ, ਪਟਵਾਰੀ ਆਦਿ ਵੀ ਸਹਿਯੋਗ ਦੇ ਰਹੇ ਹਨ। ਇਸ ਮੌਕੇ ਮੁਹਾਲੀ ਦੇ ਤਹਿਸੀਲਦਾਰ ਕਰਮਜੋਤ ਸਿੰਘ ਅਤੇ ਬਨੂੜ ਦੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।