ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 27 ਅਗਸਤ
ਨਜ਼ਦੀਕੀ ਪਿੰਡ ਭਾਗੋਮਾਜਰਾ ਵਿੱਚ ਸਾਲ 1995 ਦੌਰਾਨ 10 ਕਨਾਲ 12 ਮਰਲੇ ਜ਼ਮੀਨ ’ਚੋਂ 1 ਕਨਾਲ 6 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾ ਚੁੱਕੇ ਹਰਵਿੰਦਰ ਸਿੰਘ ਪਿੰਡ ਸੰਤੇ ਮਾਜਰਾ ਨੇ ਅੱਜ ਇੱਥੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਸ ਨੇ ਜ਼ਮੀਨ ਅਸਲ ਹੱਕਦਾਰ ਤੇ ਮਾਲਕ ਜਸਬੀਰ ਸਿੰਘ ਵਾਸੀ ਪਿੰਡ ਸਹੌੜਾਂ ਤੋਂ ਖਰੀਦੀ ਸੀ। ਜਿਸ ਦੀ ਬੀਤੀ 23 ਜਨਵਰੀ ਨੂੰ ਰਜਿਸਟਰੀ ਹੋਈ ਸੀ ਪ੍ਰੰਤੂ ਪਿੰਡ ਭਾਗੋਮਾਜਰਾ ਦੇ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਨੇ ਸਿਆਸੀ ਸ਼ਹਿ ’ਤੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਵੱਲੋਂ ਜ਼ਮੀਨ ਨੂੰ ਹਥਿਆਉਣ ਲਈ ਝਗੜਾ ਕਰਨ ਦੀ ਗੱਲ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਨਾਲ ਉਨ੍ਹਾਂ ਦੇ ਚਿਹਰੇ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਜਦੋਂ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਪਤਾ ਲੱਗਾ ਕਿ ਰਜਿਸਟਰੀ ਹਰਵਿੰਦਰ ਸਿੰਘ ਦੇ ਨਾਮ ਹੋ ਚੁੱਕੀ ਹੈ ਅਤੇ ਇੰਤਕਾਲ ਵੀ ਚੜ੍ਹ ਗਿਆ ਹੈ ਤਾਂ ਸੀਸੀਟੀਵੀ ਵਿੱਚ ਕੈਦ ਵੀਡੀਓ ਨੂੰ ਕਿਸੇ ਹੋਰ ਢੰਗ ਨਾਲ ਪੁਲੀਸ ਅੱਗੇ ਪੇਸ਼ ਕੀਤਾ ਗਿਆ ਅਤੇ ਝੂਠਾ ਕੇਸ ਦਰਜ ਕਰਵਾਇਆ ਗਿਆ। ਹਮਲੇ ਦੇ ਸਮੇਂ ਉਹ ਸਵੇਰੇ 4.52 ਵਜੇ ਸਾਰੇ ਆਪਣੇ ਘਰ ਵਿੱਚ ਸੁੱਤੇ ਪਏ ਸੀ। ਇਸ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਕੋਲ ਸਬੂਤ ਵਜੋਂ ਮੌਜੂਦ ਹੈ। ਇਸ ਮੌਕੇ ਹਰਜਿੰਦਰ ਲਾਲੀ ਅਤੇ ਰਸਨ ਸਿੰਘ ਰਸਨਾ ਨੇ ਦੋਸ਼ ਲਾਇਆ ਕਿ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਨੇ ਇਸ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰਵਿੰਦਰ ਸਿੰਘ ਦਾ ਸਾਥ ਦੇਣ ਲਈ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਖਰੜ ਦੇ ਜਿਸ ਬਿਲਡਰ ਦਾ ਨਾਮ ਲਿਆ ਜਾ ਰਿਹਾ ਹੈ, ਉਹ ਉਸ ਨੂੰ ਜਾਣਦੇ ਤੱਕ ਨਹੀਂ ਹਨ।
ਹਰਵਿੰਦਰ ਸਿੰਘ ਹੋਰੀਂ ਕਰ ਰਹੇ ਨੇ ਗਲਤ ਬਿਆਨਬਾਜ਼ੀ: ਮੇਜਰ ਸਿੰਘ
ਉਧਰ, ਦੂਜੇ ਪਾਸੇ ਮੇਜਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਹਰਵਿੰਦਰ ਸਿੰਘ ਵਗੈਰਾ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ। ਸਾਲ 1995 ਵਿੱਚ ਉਨ੍ਹਾਂ ਨੇ ਨਰਿੰਦਰ ਕੌਰ ਤੋਂ ਜ਼ਮੀਨ ਖਰੀਦੀ ਸੀ। ਜਿਸ ’ਤੇ ਕੋਈ ਵਿਵਾਦ ਵੀ ਨਹੀਂ ਹੈ। ਹੁਣ ਕੁੱਝ ਲੋਕ ਖਰੜ ਦੇ ਬਿਲਡਰ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ’ਤੇ ਆਪਣੀ ਮਾਲਕੀ ਦਾ ਦਾਅਵਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਛੱਡਣ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੀ 12 ਫਰਵਰੀ ਨੂੰ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਧਮਕੀਆਂ ਦਿੱਤੀਆਂ ਸਨ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਫੁਟੇਜ ’ਤੇ ਆਧਾਰ ’ਤੇ ਹਰਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।