ਸਰਬਜੀਤ ਸਿੰਘ ਭੱਟੀ
ਲਾਲੜੂ, 21 ਜਨਵਰੀ
ਲਾਲੜੂ ਪਿੰਡ ਵਿੱਚ ਸਫ਼ਾਈ ਵਿਵਸਥਾ ਦੀ ਹਾਲਤ ਖਸਤਾ ਹੋਣ ਕਾਰਨ ਜਿਥੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਸ ਦੇ ਨਾਲ ਹੀ ਲਾਲੜੂ ਪਿੰਡ ਦੀ ਫਿਰਨੀ ਦੇ ਨਾਲ ਬਾਲਮਿਕੀ ਬਸਤੀ ਨੇੜੇ ਗੰਦਗੀ ਦੇ ਲੱਗੇ ਅੰਬਾਰ ਕੌਂਸਲ ਦੀ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਰਹੇ ਹਨ। ਲੋਕਾਂ ਨੂੰ ਗੰਦਗੀ ਕਾਰਨ ਮਹਾਮਾਰੀ ਫੈਲਣ ਦਾ ਖ਼ਦਸ਼ਾ ਹੈ।
ਲਾਲੜੂ ਪਿੰਡ ਵਾਸੀ ਕੁਲਭੂਸ਼ਨ ਰਾਣਾ, ਕੁਲਬੀਰ ਰਾਣਾ, ਨਰੇਸ਼ ਕੁਮਾਰ, ਕੁਲਦੀਪ ਸ਼ਰਮਾ ਆਦਿ ਨੇ ਦੱਸਿਆ ਕਿ ਬਾਲਮਿਕੀ ਬਸਤੀ ਨੇੜੇ ਲਾਲੜੂ ਪਿੰਡ ਦੀ ਫਿਰਨੀ ਤੇ ਰੇਲਵੇ ਲਾਈਨ ਦੇ ਨਾਲ ਨਾਲ ਵੱਡੇ ਖੇਤਰ ਵਿੱਚ ਗੰਦਗੀ ਫੈਲੀ ਹੋਈ ਹੈ, ਜਿਸ ਨੂੰ ਚੁੱਕਣ ਲਈ ਉਹ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਆਵਾਰਾ ਪਸ਼ੂ ਇਸ ਵਿੱਚ ਮੂੰਹ ਮਾਰਦੇ ਰਹਿੰਦੇ ਹਨ, ਜਿਸ ਨਾਲ ਗੰਦਗੀ ਹੋਰ ਖੇਤਰ ਵਿੱਚ ਫੈਲਦੀ ਰਹੀ ਹੈ। ਚਾਰੇ ਪਾਸੇ ਫੈਲੀ ਬਦਬੂ ਕਾਰਨ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣਾ ਦੁੱਭਰ ਹੋਇਆ ਪਿਆ ਹੈ।
ਉਧਰ, ਸੰਪਰਕ ਕਰਨ ’ਤੇ ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਜਲਦ ਹੀ ਮੌਕਾ ਵੇਖ ਕੇ ਗੰਦਗੀ ਚੁਕਾਈ ਜਾਵੇਗੀ ਅਤੇ ਸ਼ਹਿਰ ਵਿੱਚ ਸਫ਼ਾਈ ਦੀ ਯੋਗ ਵਿਵਸਥਾ ਯਕੀਨੀ ਬਣਾਈ ਜਾਵੇਗੀ।