ਸਰਬਜੀਤ ਸਿੰਘ ਭੱਟੀ
ਲਾਲੜੂ, 2 ਸਤੰਬਰ
ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਬਹੁਮਤ ਵਾਲੀ ਨਗਰ ਕੌਂਸਲ ਲਾਲੜੂ ਵਿੱਚ ਕਾਂਗਰਸ ਦੇ ਕੌਂਸਲਰਾਂ ਨੇ ਢਿੱਲੋਂ ਅਤੇ ਕੌਂਸਲ ਪ੍ਰਧਾਨ ਬਿੰਦੂ ਰਾਣਾ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਕੇ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਂਦੇ ਹੋਏ ਨਗਰ ਕੌਂਸਲ ਦਾ ਤਖਤਾ ਪਲਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਕਾਂਗਰਸੀ ਕੌਂਸਲਰਾਂ ਨੇ ਅਕਾਲੀ ਦਲ ਦੇ ਕੌਂਸਲਰਾਂ ਨਾਲ ਮਿਲ ਕੇ ਪ੍ਰਧਾਨ ਬਿੰਦੂ ਰਾਣਾ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰਨ ਲਈ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੂੰ ਲਿਖਤੀ ਪੱਤਰ ਸੌਂਪਿਆ। ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਭਰਾ ਪਰਮਜੀਤ ਸਿੰਘ ਗੋਗਾ ਦੀ ਦੇਖ-ਰੇਖ ਵਿੱਚ ਹੋਈ। ਜਾਣਕਾਰੀ ਮੁਤਾਬਕ ਨਗਰ ਕੌਂਸਲ ਲਾਲੜੂ ਵਿੱਚ ਕੁੱਲ 17 ਵਾਰਡ ਹਨ, ਜਿਨ੍ਹਾਂ ਵਿੱਚ ਕਾਂਗਰਸ ਦੇ 15 ਅਤੇ ਅਕਾਲੀ ਦਲ ਦੇ ਦੋ ਕੌਂਸਲਰ ਹਨ। ਕੌਂਸਲਰਾਂ ਨੇ ਲਿਖਤੀ ਪੱਤਰ ਦਿੰਦੇ ਹੋਏ ਕਿਹਾ ਕਿ 14 ਦਿਨ ਅੰਦਰ ਬੇਵਿਸਾਹੀ ਮਤਾ ਰੱਖਣ ਲਈ ਨਗਰ ਕੌਂਸਲ ਦੀ ਮੀਟਿੰਗ ਬੁਲਾ ਕੇ ਇਸ ਸਬੰਧੀ ਕਾਰਵਾਈ ਕੀਤੀ ਜਾਵੇ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਨੇ ਕਿਹਾ ਕਿ 13 ਕੌਂਸਲਰਾਂ ਦਾ ਹਸਤਾਖਰ ਪੱਤਰ ਉਨ੍ਹਾਂ ਨੂੰ ਮਿਲ ਗਿਆ ਹੈ। ਦਫ਼ਤਰ ਵੱਲੋਂ ਇਹ ਜਾਣਕਾਰੀ ਪ੍ਰਧਾਨ ਨੂੰ ਦੇ ਦਿੱਤੀ ਜਾਵੇਗੀ।
ਸਾਰੇ ਕੌਂਸਲਰ ਮੇਰੇ ਨਾਲ: ਪ੍ਰਧਾਨ
ਨਗਰ ਕੌਂਸਲ ਪ੍ਰਧਾਨ ਬਿੰਦੂ ਰਾਣਾ ਨੇ ਕਿਹਾ ਕਿ ਨਿਯਮ ਅਨੁਸਾਰ ਜੋ ਵੀ ਸਮਾਂ ਹੈ, ਉਸ ਦੇ ਅੰਦਰ ਮੀਟਿੰਗ ਬੁਲਾਈ ਜਾਵੇਗੀ। ਸਾਰੇ ਕੌਂਸਲਰ ਉਨ੍ਹਾਂ ਦੇ ਨਾਲ ਹਨ। ਸਿਆਸੀ ਦਬਾਅ ਕਾਰਨ ਕੌਂਸਲਰਾਂ ਤੋਂ ਜਬਰੀ ਪੱਤਰ ’ਤੇ ਹਸਤਾਖਰ ਕਰਾਏ ਗਏ ਹਨ, ਸਮਾਂ ਆਉਣ ’ਤੇ ਤਸਵੀਰ ਸਾਹਮਣੇ ਆ ਜਾਵੇਗੀ।