ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਅਗਸਤ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਸਮੇਤ ਹੋਰਨਾਂ ਮੰਗਾਂ ਮਨਵਾਉਣ ਲਈ ਅੱਜ ਸਵੇਰੇ ਪਟਿਆਲਾ ਸੜਕ ’ਤੇ ਸਥਿਤ ਛੱਤ ਏਅਰਪੋਰਟ ਲਾਈਟਾਂ ’ਤੇ 30 ਘੰਟੇ ਦਾ ਧਰਨਾ ਸ਼ੁਰੂ ਕੀਤਾ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਪੁਆਧ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਅਤੇ ਮੈਂਬਰ ਸ਼ਾਮਲ ਹੋਏ।
ਧਰਨੇ ਦੌਰਾਨ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦੋਂ ਧਰਨੇ ਵਾਲੀ ਥਾਂ ਤੋਂ ਭਾਜਪਾ ਆਗੂ ਅਸ਼ਵਨੀ ਸ਼ਰਮਾ ਦਾ ਕਾਫਲਾ ਨਿਕਲਿਆ। ਮੁਜ਼ਾਹਰਾਕਾਰੀ ਕਿਸਾਨਾਂ ਨੇ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਫ਼ਲਾ ਪਟਿਆਲਾ ਵੱਲ ਨੂੰ ਜਾਂਦੇ ਹੋਏ ਦੇਖਿਆ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ-ਟਿਕੈਤ ਤੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਹੋਰ ਜਥੇਬੰਦੀਆਂ ਨੇ ਲਖੀਮਪੁਰ ਖੀਰੀ ਹਿੰਸਾ ਕੇਸ ’ਚ ਇਨਸਾਫ ਦੀ ਮੰਗ ਲਈ 18 ਤੋਂ 20 ਅਗਸਤ ਤੱਕ ਧਰਨਾ ਲਗਾਉਣ ਦਾ ਸੱਦਾ ਦਿੱਤਾ ਸੀ। ਧਰਨੇ ’ਚ ਸ਼ਾਮਲ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਲੜਾਈ ਜਾਰੀ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਧਰਨੇ ਦਾ ਮੁੱਖ ਮਕਸਦ ਕੇਂਦਰੀ ਮੰਤਰੀ ਮੰਡਲ ’ਚੋਂ ਅਜੈ ਕੁਮਾਰ ਮਿਸ਼ਰਾ ਨੂੰ ਬਰਖ਼ਾਸਤ ਕਰਨ ਲਈ ਸਰਕਾਰ ’ਤੇ ਦਬਾਅ ਬਣਾਉਣਾ ਹੈ। ਇਸ ਤੋਂ ਇਲਾਵਾ ਐੱਮਐੱਸਪੀ ਲਈ ਕਾਨੂੰਨ ਬਨਾਉਣਾ ਵੀ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਬਿਜਲੀ (ਸੋਧ) ਬਿੱਲ ਜ਼ਰੀਏ ਬਿਜਲੀ ਸਪਲਾਈ ਨਿੱਜੀ ਸੈਕਟਰ ਨੂੰ ਸੌਂਪਣ ’ਤੇ ਤੁਲੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰੇਗਾ।
ਇਨਸਾਫ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਲਖੀਮਪੁਰ ਖੀਰੀ ਘਟਨਾ ’ਚ ਮਾਰੇ ਗਏ ਕਿਸਾਨਾਂ ਦੇ ਇਨਸਾਫ ਲਈ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖ਼ਾਸਤਗੀ, ਕਿਸਾਨ ਅੰਦੋਲਨ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਲਈ ਮੁਆਵਜ਼ਾ, ਐੱਮਐੱਸਪੀ ਲਈ ਕਾਨੂੰਨ ਤੇ ਬਿਜਲੀ ਸੋਧ ਬਿੱਲ ਦੀ ਵਾਪਸੀ ਦੀ ਮੰਗ ਲਈ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਪਿੰਡ ’ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਘਟਨਾ ’ਚ ਅੱਠ ਲੋਕ ਮਾਰੇ ਗਏ ਸਨ। ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਨੂੰ ਐੱਸਯੂਵੀ ਹੇਠ ਦਰੜ ਕੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ।