ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਕਾਂਗਰਸ ਨੇ ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਅੱਜ ਇੱਥੇ ਸੈਕਟਰ 35 ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਜਪਾ ’ਤੇ ਤਾਨਾਸ਼ਾਹੀ ਨਾਲ ਸਰਕਾਰ ਚਲਾਉਣ ਦਾ ਦੋਸ਼ ਲਗਾਉਂਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪੁਤਲੇ ਫੂਕੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਦੀ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਲੋਕਤੰਤਰ ’ਚ ਡੰਡੇ ਦੇ ਜ਼ੋਰ ’ਤੇ ਕਿਸੇ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਮੋਦੀ ਨੇ ਦੋ ਦਿਨ ਬੀਤੇ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਨਹੀਂ ਕੀਤੀ।
ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਇਸ ਘਟਨਾ ਸਬੰਧੀ ਸਾਹਮਣੇ ਆਈ ਵੀਡੀਓ ਨੇ ਸਭ ਕੁਝ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਘਟਨਾ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਪਵਨ ਸ਼ਰਮਾ, ਦਵਿੰਦਰ ਬਬਲਾ, ਹਰਫੂਲ ਕਲਿਆਣ, ਕਮਲੇਸ਼ ਬਨਾਰਸੀ ਦਾਸ, ਗੁਰਚਰਨ ਦਾਸ ਕਾਲਾ, ਹਰਮੋਹਿੰਦਰ ਸਿੰਘ ਲੱਕੀ, ਹਰਮੇਲ ਕੇਸਰੀ, ਸ਼ੀਲਾ ਫੂਲ ਸਿੰਘ, ਮੀਨਾਕਸ਼ੀ ਚੌਧਰੀ, ਜਾਗੀਰ ਸਿੰਘ ਅਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਕੈਪਸ਼ਨ-
ਚੰਡੀਗੜ੍ਹ ਦੇ ਸੈਕਟਰ 35 ’ਚ ਮੋਦੀ ਤੇ ਯੋਗੀ ਦੇ ਪੁਤਲੇ ਸਾੜਦੇ ਹੋਏ ਕਾਂਗਰਸੀ ਆਗੂ।