ਸ਼ਹੀਦ ਕਿਸਾਨਾਂ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸ਼ਰਧਾਜਲੀਆਂ ਕੁਲਦੀਪ ਸਿੰਘ
ਚੰਡੀਗੜ੍ਹ, 5 ਅਕਤੂਬਰ
ਯੂਪੀ ਦੇ ਲਖੀਮਪੁਰ ਖੀਰੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਹੱਤਿਆਵਾਂ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੇ ਬਾਵਜੂਦ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਇਸੇ ਦੇ ਰੋਸ ਵਜੋਂ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਸਰਕਾਰ ਨੂੰ ਗ੍ਰਿਫ਼ਤਾਰੀ ਲਈ ਰੋਸ਼ਨੀ ਦਿਖਾਉਣ ਦਾ ਯਤਨ ਕੀਤਾ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ।
ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪੀਫਕਟੋ) ਦੇ ਪ੍ਰਧਾਨ ਡਾ. ਐੱਚ.ਐੱਸ. ਕਿੰਗਰਾ, ਜਨਰਲ ਸਕੱਤਰ ਡਾ. ਜਗਵੰਤ, ਪ੍ਰੋ. ਅਕਸ਼ੇ, ਸੈਨੇਟਰ ਡੀ.ਪੀ.ਐੱਸ. ਰੰਧਾਵਾ, ਪ੍ਰੋ. ਮਨਜੀਤ ਸਿੰਘ, ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਮੀਤ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਅਤੇ ਪਾਲੀ ਭੁਪਿੰਦਰ ਨੇ ਕਿਹਾ ਕਿ ਲਖੀਮਪੁਰ ਖੀਰੀ ਖੇਤਰ ਵਿੱਚ ਗੱਡੀ ਚੜ੍ਹਾ ਕੇ ਸ਼ਹੀਦ ਕੀਤੇ ਗਏ ਕਿਸਾਨਾਂ ਦੇ ਕਥਿਤ ਕਾਤਲਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਿਸ ਨਾਲ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਕਿਸਾਨ-ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੇ ਕਸੂਰਵਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਵਿਦਿਆਰਥੀ ਜਥੇਬੰਦੀਆਂ ਐੱਨ.ਐੱਸ.ਯੂ.ਆਈ. ਤੋਂ ਮੁਕੁਲ, ਪੀ.ਐੱਸ.ਯੂ. (ਲਲਕਾਰ) ਤੋਂ ਅਮਨ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਐੱਸ.ਐੱਫ.ਆਈ. ਤੋਂ ਆਰੀਅਨ, ਐੱਸ.ਐੱਫ.ਐੱਸ. ਤੋਂ ਸੰਦੀਪ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਉੱਤੇ ਸ਼ਾਂਤਮਈ ਕਿਸਾਨੀ ਧਰਨਿਆਂ ਨੂੰ ਚੁੱਕਣ ਵਿੱਚ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ ਤਾਂ ਹੁਣ ਸਰਕਾਰ ਕਿਸਾਨ ਵਿਰੋਧੀ ਹਰਕਤਾਂ ਉੱਤੇ ਉਤਰ ਆਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਲਟਾ ਕਿਸਾਨਾਂ ਉੱਤੇ ਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਪਥਰਾਅ ਕਾਰਨ ਗੱਡੀ ਪਲਟੀ ਜਦਕਿ ਇਸ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖ ਰਿਹਾ ਹੈ ਕਿ ਪੈਦਲ ਚੱਲ ਰਹੇ ਕਿਸਾਨਾਂ ਉੱਤੇ ਪਿੱਛੋਂ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮਾਰਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੇ ਹੋਰਨਾ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ।
ਫੋਟੋ ਕੈਪਸ਼ਨ :
ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਚੌਂਕ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਅਧਿਆਪਕ ਅਤੇ ਵਿਦਿਆਰਥੀ।