ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਕੇਂਦਰ ਸਰਕਾਰ ਵੱਲੋਂ ਅਨਲੌਕ-3 ਸਬੰਧੀ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਨਿੱਤ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੇ ਕਰਫਿਊ ਵਿੱਚ ਢਿੱਲ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਸੁਖਨਾ ਝੀਲ ’ਤੇ ਸੈਲਾਨੀਆਂ ਦੀ ਭੀੜ ਘਟਾਊਣ ਲਈ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫ਼ੈਸਲੇ ਅੱਜ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਏ ਗਏ।
ਸ੍ਰੀ ਬਦਨੌਰ ਨੇ ਦੱਸਿਆ ਕਿ ਸ਼ਹਿਰ ਵਿਚਲੇ ਤੰਗ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਮੁੜ ਤੋਂ ਔਡ-ਈਵਨ ਫਾਰਮੂਲਾ ਸ਼ੁਰੂ ਕੀਤਾ ਗਿਆ ਹੈ। ਸ਼ਹਿਰ ਵਿਚ ਸਾਰੇ ਬਾਜ਼ਾਰ ਰਾਤ ਨੂੰ 8 ਵਜੇ ਤੱਕ ਖੁੱਲ੍ਹੇ ਰਹਿਣਗੇ ਜਦਕਿ ਖਾਣ-ਪੀਣ ਵਾਲੀਆਂ ਦੁਕਾਨਾਂ ਰਾਤ 9 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਪ੍ਰਸ਼ਾਸਕ ਨੇ ਸ਼ਹਿਰ ਵਿਚਲੇ ਦੁਕਾਨਦਾਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ ਦੇ ਆਦੇਸ਼ ਦਿੱਤੇ ਹਨ।
ਸ੍ਰੀ ਬਦਨੌਰ ਨੇ ਡੀਜੀਪੀ ਚੰਡੀਗੜ੍ਹ ਸੰਜੇ ਬੈਨੀਵਾਲ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚ ਆਉਣ ਵਾਲੇ ਬਾਹਰੀ ਲੋਕਾਂ ’ਤੇ ਨਜ਼ਰ ਰੱਖੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਸ਼ਹਿਰ ਵਿੱਚ ਚੌਕਸੀ ਵਧਾਊਣ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸਕ ਨੇ ਸ਼ਹਿਰ ਵਿਚ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਵਾਲੰਟੀਅਰ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਸਮਾਜਿਕ ਜਥੇਬੰਦੀਆਂ ਦੀ ਮਦਦ ਲੈਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਸ਼ਹਿਰ ਵਿੱਚ ਤਿੰਨ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।
ਜਿਮ ਖੋਲ੍ਹਣ ਬਾਰੇ ਭੰਬਲਭੂਸਾ ਜਾਰੀ
ਮੁਹਾਲੀ (ਦਰਸ਼ਨ ਸਿੰਘ ਸੋਢੀ): ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਿੱਚ ਆਪਸੀ ਤਾਲਮੇਲ ਦੀ ਘਾਟ ਦੇ ਚੱਲਦਿਆਂ ਜਿਮ ਖੋਲ੍ਹਣ ਨੂੰ ਲੈ ਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅੱਜ ਰਾਏਕੋਟ ਵਿਚ ਨਵੇਂ ਹਸਪਤਾਲ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅਜਿਹੀ ਸਥਿਤੀ ਵਿੱਚ ਨਹੀਂ ਹੈ ਕਿ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਖਬਰ ਦੁਪਹਿਰ ਵੇਲੇ ‘ਪੰਜਾਬੀ ਟ੍ਰਿਬਿਊਨ’ ਵੈੱਬ ਅਤੇ ਹੋਰ ਟੀਵੀ ਚੈਨਲਾਂ ’ਤੇ ਚੱਲਣ ਤੋਂ ਬਾਅਦ ਜਦੋਂ ਇੱਥੇ ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਮ ਵਿੱਚ ਪ੍ਰੈਕਟਿਸ ਕਰਦੇ ਸਮੇਂ ਗਰਮੀ ਤੇ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਜਿਮ ਵਿੱਚ ਇੱਕ ਵਿਅਕਤੀ ਔਸਤਨ 10 ਮਸ਼ੀਨਾਂ ਦੀ ਵਰਤੋਂ ਕਰਦਾ ਹੈ। ਇਸ ਕਾਰਨ ਕਰੋਨਾ ਦਾ ਫੈਲਾਅ ਹੋ ਸਕਦਾ ਹੈ ਅਤੇ ਇਹ ਵੀ ਸੰਭਵ ਨਹੀਂ ਹੈ ਕਿ ਸਾਰੀਆਂ ਮਸ਼ੀਨਾਂ ਨੂੰ ਵਾਰ ਵਾਰ ਸੈਨੇਟਾਈਜ਼ ਕੀਤਾ ਜਾ ਸਕੇ। ਇਸੇ ਕਰਕੇ ਪੰਜਾਬ ਸਰਕਾਰ ਹਾਲ ਦੀ ਘੜੀ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਵੇਗੀ। ਉਹ ਵੀ ਇਸ ਦੇ ਹੱਕ ਵਿੱਚ ਨਹੀਂ ਹਨ। ਉਧਰ, ਇਸ ਦੇ ਉਲਟ ਪੰਜਾਬ ਸਰਕਾਰ ਨੇ ਅਨਲੌਕ-3 ਦੇ ਨਿਰਦੇਸ਼ਾਂ ਵਿੱਚ ਜਿਮ ਤੇ ਯੋਗ ਸੈਂਟਰਾਂ ਨੂੰ 5 ਅਗਸਤ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜਦੋਂ ਇਸ ਸਬੰਧੀ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਮ ਖੋਲ੍ਹਣ ਦਾ ਫੈਸਲਾ ਹਾਲਾਤਾਂ ’ਤੇ ਨਿਰਭਰ ਕਰਦਾ ਹੈ।
ਸਿੱਖਿਆ ਸੰਸਥਾਵਾਂ ਰਹਿਣਗੀਆਂ ਬੰਦ
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਚੰਡੀਗੜ੍ਹ ਵਿੱਚ ਸਕੂਲ, ਕਾਲਜ, ਸਿੱਖਿਆ ਸੰਸਥਾਵਾਂ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਵਾਲੇ ਪਾਰਕ, ਬਾਰ ਤੇ ਅਸੈਂਬਲੀ ਹਾਲ 31 ਅਗਸਤ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਸਮਾਗਮਾਂ ’ਤੇ ਪਾਬੰਦੀ ਜਾਰੀ ਰਹੇਗੀ।
5 ਅਗਸਤ ਤੋਂ ਖੁੱਲ੍ਹਣਗੇ ਜਿਮ
ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ 5 ਅਗਸਤ ਤੋਂ ਸ਼ਹਿਰ ਵਿਚਲੇ ਜਿਮ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਜਿਮ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਮਾਂ ਦੀ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ 8 ਹਜ਼ਾਰ ਚਲਾਨ
ਕਰੋਨਾਵਾਇਰਸ ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿਹੜਾ ਵਿਅਕਤੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਉਸ ਦਾ ਚਲਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਹੁਣ ਤੱਕ 8 ਹਜ਼ਾਰ ਲੋਕਾਂ ਦੇ ਚਲਾਨ ਕਰਕੇ 45 ਲੱਖ ਰੁਪਏ ਦੀ ਵਸੂਲੇ ਹਨ।