ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਅਕਤੂਬਰ
ਮੁਹਾਲੀ ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ 200 ਫੁੱਟ ਚੌੜੀ ਪੀਆਰ 7 ਸੜਕ ਦੇ ਵਿਸਥਾਰ ਦੇ ਕੰਮ ਦਾ ਨੀਂਹ ਪੱਥਰ ਅੱਜ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਨੇ ਰੱਖਿਆ। ਪਹਿਲਾਂ ਇਹ ਨੀਂਹ ਪੱਥਰ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਰੱਖਿਆ ਜਾਣਾ ਸੀ ਪਰ ਉਹ ਵਿਧਾਨ ਸਭਾ ਦੇ ਸੈਸ਼ਨ ਕਾਰਨ ਪਹੁੰਚ ਨਹੀਂ ਸਕੇ। ਸੜਕ ਦਾ ਵਿਸਥਾਰ ਸੈਕਟਰ-120/125 (ਐੱਨਐੱਚ-5) ਸੰਨੀ ਐਨਕਲੇਵ ਨੂੰ ਵੰਡਦੀ ਸੜਕ ਤੋਂ ਸ਼ੁਰੂ ਹੋ ਕੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਸੜਕ ਤੱਕ ਹੈ। ਸੜਕ ਦੇ ਨਿਰਮਾਣ ਦੇ ਕੰਮ ਲਈ 121 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਵਿੱਚ ਸਿਹਤ, ਸਿਵਲ ਅਤੇ ਇਲੈਕਟ੍ਰੀਕਲ ਸੇਵਾਵਾਂ ਦੀ ਵਿਵਸਥਾ ਸ਼ਾਮਲ ਹੈ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸੜਕ ਉਸਾਰੀ ਦਾ ਕੰਮ ਅਗਲੇ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਸ 8.8 ਕਿੱਲੋਮੀਟਰ (8 ਮਾਰਗੀ) ਸੜਕ ਦੇ ਨਿਰਮਾਣ ਵਿੱਚ ਇੱਕ ਸੜਕ ਪੁਲੀ, ਇੱਕ ਉੱਚ ਪੱਧਰੀ ਪੁਲ, ਪਾਣੀ ਦੀ ਨਿਕਾਸ ਦਾ ਪ੍ਰਬੰਧ ਅਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਹੈ। ਪੀਆਰ 7 ਸੜਕ ਦੇ ਇਸ ਹਿੱਸੇ ਦੀ ਉਸਾਰੀ ਨਾਲ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਅਤੇ ਮੁਹਾਲੀ ਤੋਂ ਨਿਊ ਚੰਡੀਗੜ੍ਹ ਟਾਊਨ ਨੂੰ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ। ਇਸ ਨਾਲ ਚੰਡੀਗੜ੍ਹ ਵਿੱਚ ਆਵਾਜਾਈ ਵੀ ਘਟੇਗੀ ਕਿਉਂਕਿ ਨਿਊ ਚੰਡੀਗੜ੍ਹ ਨੂੰ ਜਾਣ ਵਾਲੇ ਯਾਤਰੀ ਹਵਾਈ ਅੱਡੇ ਤੋਂ ਇਸ ਨਵੀਂ ਸੜਕ ਰਾਹੀਂ ਜਾ ਸਕਣਗੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਲੋੜ ਵੀ ਨਹੀਂ ਪਵੇਗੀ।