ਹਰਜੀਤ ਸਿੰਘ
ਡੇਰਾਬੱਸੀ, 15 ਜੂਨ
ਇਥੋਂ ਦੀ ਮੁਬਾਰਿਕਪੁਰ ਰੋਡ ’ਤੇ ਸਥਿਤ ਡੇਰਾਬਸੀ ਦੇ ਸਨਅਤੀ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਛੋਟੇ ਸਨਅਤਕਾਰ ਭਾਰੀ ਪ੍ਰੇਸ਼ਾਨੀ ਵਿੱਚ ਸਮਾ ਲੰਘਾ ਰਹੇ ਹਨ। ਸਨਅਤਕਾਰਾਂ ਵੱਲੋਂ ਹਰੇਕ ਸਾਲ ਕਰੋੜਾਂ ਰੁਪਏ ਟੈਕਸ ਭਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਹੂਲਤਾਂ ਦੇਣ ਵੱਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਫੋਕਲ ਪੁਆਇੰਟ ਵਿੱਚ ਸਭ ਤੋਂ ਵੱਡੀ ਸਮੱਸਿਆ ਟੁੱਟੀਆਂ ਸੜਕਾਂ ਦੀ ਬਣੀ ਹੋਈ ਹੈ, ਜਿਸ ਕਾਰਨ ਇਥੇ ਹਰ ਵੇਲੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਫੋਕਲ ਪੁਆਇੰਟ ਵਿੱਚ 220 ਦੇ ਕਰੀਬ ਉਦਯੋਗਿਕ ਪਲਾਟ ਹਨ ਜਿਨ੍ਹਾਂ ਵਿੱਚ 100 ਤੋਂ ਵਧ ਛੋਟੇ ਉਦਯੋਗ ਚਲ ਰਹੇ ਹਨ। ਸਨਅਤਕਾਰਾਂ ਨੇ ਦੱਸਿਆ ਕਿ ਤਕਰੀਬਨ ਦਸ ਸਾਲ ਪਹਿਲਾਂ ਇਥੇ ਸੜਕਾਂ ਦੀ ਉਸਾਰੀ ਕੀਤੀ ਗਈ ਸੀ ਜਿਸ ਮਗਰੋਂ ਇਥੋਂ ਦੀਆਂ ਸੜਕਾਂ ਦੀ ਕਦੇ ਵੀ ਮੁਰੰਮਤ ਨਹੀਂ ਹੋਈ। ਮੁਬਾਰਿਕਪੁਰ ਸੜਕ ਤੋਂ ਫੋਕਲ ਪੁਆਇੰਟ ਵਿੱਚ ਦਾਖਲ ਹੋਣ ਵਾਲੀ ਮੇਨ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਕਈ ਥਾਈਂ ਸੜਕ ਦੀ ਹੋਂਦ ਹੀ ਖਤਮ ਹੋ ਗਈ ਹੈ ਤੇ ਰੋਜ਼ਾਨਾ ਮਾਲ ਲੈ ਕੇ ਆਊਣ-ਜਾਣ ਵਾਲੇ ਵਾਹਨ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਇਥੇ ਪਲਾਟ ਨੰਬਰ ਦਿਖਾਉਣ ਵਾਲੇ ਸਾਈਨ ਬੋਰਡ, ਸਟਰੀਟ ਲਾਈਟਾਂ, ਨਿਕਾਸੀ ਪ੍ਰਬੰਧ ਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਛੇਤੀ ਸਬੰਧਿਤ ਮਹਿਕਮੇ ਨਾਲ ਤਾਲਮੇਲ ਕਰ ਇਥੇ ਲੋੜ ਮੁਤਾਬਕ ਸਹੂਲਤਾਂ ਮੁਹੱਈਆ ਕਰਵਾਈ ਜਾਣਗੀਆਂ।